ਉਦਯੋਗਾਂ ਨੂੰ ਨਵੀਂ ਦਿਸ਼ਾ ਦੇਵੇਗੀ ‘ਇਨਵੈਸਟ ਪੰਜਾਬ 2026’ : ਸ਼ਰਮਾ
ਪੰਜਾਬ ਸਰਕਾਰ ਦੀ ‘ਇਨਵੈਸਟ ਪੰਜਾਬ 2026’ ਇੰਡਸਟਰੀ ਪਾਲਿਸੀ ਉਦਯੋਗਾਂ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ’ਚ ਸਹਾਇਕ ਸਾਬਤ ਹੋਵੇਗੀ : ਸੁਨੀਲ ਸ਼ਰਮਾ
Publish Date: Sat, 14 Mar 2026 07:08 PM (IST)
Updated Date: Sat, 14 Mar 2026 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਇਨਵੈਸਟ ਪੰਜਾਬ 2026 ਇੰਡਸਟਰੀ ਪਾਲਿਸੀ ਰਾਜ ਦੇ ਉਦਯੋਗਾਂ ਨੂੰ ਨਵੀਂ ਦਿਸ਼ਾ ਦੇਣ ਤੇ ਵਿਕਾਸ ਦੀ ਗਤੀ ਤੇਜ਼ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਗੱਲ ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਸੰਸਥਾਪਕ ਕੋਆਰਡੀਨੇਟਰ ਤੇ ਪ੍ਰਧਾਨ ਸੁਨੀਲ ਸ਼ਰਮਾ ਨੇ ਅੱਜ ਇਕ ਸਥਾਨਕ ਹੋਟਲ ’ਚ ਕਰਵਾਏ ਇੰਡਸਟਰੀ ਅਵੇਅਰਨੈੱਸ ਸੈਸ਼ਨ ਦੌਰਾਨ ਕਹੀ। ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਵੱਲੋਂ ਕਰਵਾਏ ਇਸ ਪ੍ਰੋਗਰਾਮ ’ਚ ਉਦਯੋਗ ਤੇ ਵਪਾਰ ਨਾਲ ਸਬੰਧਤ ਕਈ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ’ਚ ਲੁਧਿਆਣਾ ਦੇ ਪ੍ਰਸਿੱਧ ਚਾਰਟਡ ਅਕਾਊਂਟੈਂਟ ਸੀਏ ਨਵਦੀਪ ਬੰਸਲ ਤੇ ਸੀਏ ਅੰਸ਼ੁਮਾਨ ਗੋਯਲ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ, ਜੋ ਕਿ ਇਨਵੈਸਟ ਪੰਜਾਬ ਦੇ ਲਾਇਜ਼ਨ ਐਕਸਪਰਟ ਵੀ ਹਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੁਨੀਲ ਸ਼ਰਮਾ ਨੇ ਕਿਹਾ ਕਿ ਜਲੰਧਰ ’ਚ ਇਸ ਤਰ੍ਹਾਂ ਦੇ ਛੋਟੇ-ਛੋਟੇ ਅਵੇਅਰਨੈੱਸ ਕੈਂਪਾਂ ਦੀ ਬਹੁਤ ਲੋੜ ਸੀ ਤੇ ਅੱਜ ਦਾ ਇਹ ਪ੍ਰੋਗਰਾਮ ਜਲੰਧਰ ਦੀ ਇੰਡਸਟਰੀ ਲਈ ਇਕ ਨਵੀਂ ਸ਼ੁਰੂਆਤ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਅਵੇਅਰਨੈੱਸ ਸੈਸ਼ਨ ’ਚ ਉਮੀਦ ਤੋਂ ਵੱਧ ਗਿਣਤੀ ’ਚ ਉਦਯੋਗ ਤੇ ਵਪਾਰ ਜਗਤ ਨਾਲ ਜੁੜੇ ਲੋਕਾਂ ਨੇ ਹਿੱਸਾ ਲੈ ਕੇ ਪਾਲਿਸੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸੀਏ ਨਵਦੀਪ ਬੰਸਲ ਤੇ ਸੀਏ ਅੰਸ਼ੁਮਾਨ ਗੋਇਲ ਨੇ ਇਨਵੈਸਟ ਪੰਜਾਬ 2026 ਇੰਡਸਟਰੀ ਪਾਲਿਸੀ ਨਾਲ ਜੁੜੇ ਵੱਖ-ਵੱਖ ਪ੍ਰਬੰਧਾਂ ਤੇ ਉਦਯੋਗਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪਾਲਿਸੀ ਉਦਯੋਗਾਂ ਲਈ ਕਈ ਨਵੀਆਂ ਸੰਭਾਵਨਾਵਾਂ ਲੈ ਕੇ ਆਈ ਹੈ ਤੇ ਇਸ ਨਾਲ ਰਾਜ ’ਚ ਨਿਵੇਸ਼ ਨੂੰ ਵੱਡਾ ਉਤਸ਼ਾਹ ਮਿਲੇਗਾ।
ਸੁਨੀਲ ਸ਼ਰਮਾ ਨੇ ਕਿਹਾ ਕਿ ਭਵਿੱਖ ’ਚ ਵੀ ਉਦਯੋਗਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਉਦਯੋਗਪਤੀ ਨਵੀਆਂ ਨੀਤੀਆਂ ਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਲਾਭ ਲੈ ਸਕਣ। ਇਸ ਮੌਕੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਸੰਸਥਾਪਕ ਕੋਆਰਡੀਨੇਟਰ ਤੇ ਪ੍ਰਧਾਨ ਸੁਨੀਲ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਰਾਜੀਵ ਜੈਰਥ, ਗੋਲਡੀ ਪ੍ਰਭਾਕਰ, ਜਗਦੀਸ਼ ਵਿਜ, ਲਲਿਤ ਭੱਲਾ, ਅਰਮਾਨ ਜੁਨੇਜਾ, ਦਿਵਾਂਸ਼ੁ ਜੁਨੇਜਾ, ਸੰਦੀਪ ਸ਼ਾਰਦਾ, ਨਵਦੀਪ ਕੁਮਾਰ, ਅਨਿਲ ਵਸ਼ਿਸ਼ਠ, ਅੰਕੁਰ ਜੈਨ, ਸੰਦੀਪ ਅਗਰਵਾਲ, ਰਾਜੇਸ਼ ਬੱਗਾਮਲ, ਪਰਵੀਨ ਗਾਂਧੀ, ਰਾਮ ਚੰਦਰ, ਪ੍ਰਮੋਦ ਬਾਂਸਲ ਤੇ ਚੇਅਰਮੈਨ ਮਨਿੰਦਰ ਸ਼ਰਮਾ ਸਮੇਤ ਹੋਰ ਕਈ ਪ੍ਰਮੁੱਖ ਉਦਯੋਗਪਤੀ ਮੌਜੂਦ ਸਨ।