ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਦੀ ਮੰਗ
ਜਨਵਾਦੀ ਇਸਤਰੀ ਸਭਾ ਦੀ ਸੁਬਾਈ ਮੀਟਿੰਗ ’ਚ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਕੀਤਾ ਪਰਦਾਫਾਸ਼
Publish Date: Thu, 09 Apr 2026 09:48 PM (IST)
Updated Date: Thu, 09 Apr 2026 09:50 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੁਬਾਈ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸੁਭਾਸ਼ ਮੱਟੂ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ ਜਲੰਧਰ ਵਿਖੇ ਹੋਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਮਰੀਅਮ ਅਸ਼ੋਕ ਡੀ ਕੇਂਦਰੀ ਆਗੂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਡਾ. ਕੰਮਲਜੀਤ ਕੌਰ ਜਨਰਲ ਸਕੱਤਰ, ਸੁਭਾਸ਼ ਮੱਟੂ ਸੂਬਾ ਪ੍ਰਧਾਨ, ਸਲੋਚਨਾ ਚੰਡੀਗੜ੍ਹ , ਈਸ਼ਾ ਨਵਾਂ ਸ਼ਹਿਰ, ਰਾਜਕੁਮਾਰੀ ਗੁਰਦਾਸਪੁਰ, ਬੇਬੀ ਸੈਣੀ ਪਠਾਨਕੋਟ, ਨੀਲਮ ਵੱਢੋਆਣ ਹੁਸ਼ਿਆਰਪੁਰ ਤੇ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ’ਚ ਜਨਵਾਦੀ ਇਸਤਰੀ ਸਭਾ ਦੇ ਆਗੂਆਂ ਨੇ ਇਸਤਰੀਆਂ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਖੇਤਰਾਂ ’ਚ ਬਰਾਬਰ ਦੇ ਅਧਿਕਾਰ ਦਿੱਤੇ ਜਾਣ ਦੀ ਮੰਗ ਕੀਤੀ, ਪੰਜਾਬ ਦੀਆਂ ਸਾਰੀਆਂ ਜਮਹੂਰੀ ਸੰਸਥਾਵਾਂ ’ਚ ਔਰਤਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਦੀ ਮੰਗ ਕੀਤੀ, ਭਰੂਣ ਹੱਤਿਆ, ਬਲਾਤਕਾਰ, ਦਹੇਜ ਪ੍ਰਥਾ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ, ਪੰਜਾਬ ’ਚ ਨਸ਼ਿਆਂ ਦੇ ਪਸਾਰੇ ਤੇ ਘਰੇਲੂ ਤਸ਼ੱਦਦ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ, ਇਸਤਰੀਆਂ ਦਾ ਇਸ਼ਤਿਹਾਰਬਾਜ਼ੀ ’ਚ ਅੰਗ ਪ੍ਰਦਰਸ਼ਨ ਬੰਦ ਕੀਤਾ ਜਾਵੇ, ਪੱਛਮੀ ਸਾਮਰਾਜ ਦੇ ਹਮਲਿਆਂ ਦੀ ਸਖਤ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿਹਤ ਸਿਸਟਮ ਸਕੀਮ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ, ਸਰਕਾਰੀ ਹਸਪਤਾਲਾਂ ’ਚ ਸੁਰੱਖਿਆ ਤੇ ਸਹੂਲਤਾਂ ਦੀ ਘਾਟ ਹੈ, ਡਰੱਗ ਅਡਿਕਸ਼ਨ ਤੇ ਸਮਾਜ ’ਚ ਜਾਗ੍ਰਿਤੀ ਲਿਆਂਦੀ ਜਾਵੇ। ਸਮੁੱਚੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ’ਚ ਇਕ ਵੱਡੀ ਲਹਿਰ ਖੜ੍ਹੀ ਕੀਤੀ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।