ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਦੀ ਸੰਭਾਲ ਲਈ ਵਚਨਬੱਧ : ਭਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 09:28 PM (IST)
Updated Date: Fri, 13 Mar 2026 09:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਦੀ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਥੇ ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਚੇਅਰਮੈਨ ਨੇ ਕਿਹਾ ਕਿ ਬੇਸਹਾਰਾ ਗਊਧਨ ਦੀ ਸੁਚੱਜੀ ਸੇਵਾ ਸੰਭਾਲ ਨੂੰ ਯਕੀਨੀ ਬਣਾਉਣ ਲਈ ਬਿਹਤਰ ਤਾਲਮੇਲ ਲਈ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੇਸਹਾਰਾ ਗਊਧਨ ਦੀ ਸਮੱਸਿਆ ਨੂੰ ਹੱਲ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਬੇਸਹਾਰਾ ਗਊ ਧਨ ਨੂੰ ਢੁੱਕਵਾਂ ਆਸਰਾ ਤੇ ਸਾਂਭ-ਸੰਭਾਲ ਮਿਲੇ ਅਤੇ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਉਪ ਚੇਅਰਮੈਨ ਨੇ ਦੱਸਿਆ ਕਿ ਮੌਜੂਦਾ ਸਮੇਂ ਕੰਨੀਆਂ ਕਲਾਂ ਗਊਸ਼ਾਲਾ ਵਿੱਚ ਕਰੀਬ ਇਕ ਹਜ਼ਾਰ ਗਊਧਨ ਮੌਜੂਦ ਹੈ ਅਤੇ ਕਰਤਾਪੁਰ ਗਊਸ਼ਾਲਾ, ਜੋ ਕਿ ਇਸ ਸਾਲ ਜਨਵਰੀ ਮਹੀਨੇ ਸ਼ੁਰੂ ਹੋਈ ਹੈ, ਵਿੱਚ ਕਰੀਬ 100 ਬੇਸਹਾਰਾ ਗਊ ਧਨ ਭੇਜੇ ਜਾ ਚੁੱਕੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਗਊ ਧਨ ਦੀ ਸਾਂਭ-ਸੰਭਾਲ ਵਿੱਚ ਗਊ ਸੇਵਾ ਕਮਿਸ਼ਨ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਗਊਸ਼ਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਵੀ ਮੌਜੂਦ ਸਨ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਗਊ ਸੈੱਸ ਦੀ ਕੁਲੈਕਸ਼ਨ, ਗਊਸ਼ਾਲਾਵਾਂ ਵਿੱਚ ਗਊ ਧਨ ਦੀ ਸਮੇਂ ਸਿਰ ਵੈਕਸੀਨੇਸ਼ਨ ਆਦਿ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਮਨਦੀਪ ਕੌਰ, ਐੱਸ.ਡੀ.ਐੱਮ. ਸ਼ਾਹਕੋਟ ਆਦਿਤਿਆ ਗੁਪਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਅਤੇ ਡਾ. ਬਲਵੀਰ ਸਿੰਘ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪ੍ਰਾਈਵੇਟ ਗਊਸ਼ਲਾਵਾਂ ਦੇ ਪ੍ਰਬੰਧਕ ਮੌਜੂਦ ਸਨ।