ਪਲਸ ਮੰਚ ਦਾ ਸੂਬਾਈ ਸਮਾਗਮ 25 ਨੂੰ
ਪਲਸ ਮੰਚ ਦਾ ਸੂਬਾਈ ਸਮਾਗਮ 25 ਨੂੰ ਗੁਰਸ਼ਰਨ ਕਲਾ ਭਵਨ ਮੁੱਲਾ ਪੁਰ ਹੋਏਗਾ
Publish Date: Mon, 05 Jan 2026 08:46 PM (IST)
Updated Date: Mon, 05 Jan 2026 08:47 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ 25 ਜਨਵਰੀ ਨੂੰ ਦਹਾਕਿਆਂ ਤੋਂ ਦੇਸ਼ ਭਗਤ ਯਾਦਗਾਰ ਹਾਲ ਤੇ ਵੱਖ-ਵੱਖ ਥਾਵਾਂ ’ਤੇ ਹੁੰਦਾ ਆ ਰਿਹਾ ਯਾਦਗਾਰੀ ਸਮਾਗਮ ਇਸ ਵਾਰ 25 ਜਨਵਰੀ ਦਿਨੇ 11 ਵਜੇ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਕੀਤਾ ਜਾਏਗਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਸੂਬਾ ਕਮੇਟੀ ਦੀ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਕਾਰਜਕਾਰੀ ਸਕੱਤਰ ਹਰਕੇਸ਼ ਚੌਧਰੀ ਨੇ ਦੱਸਿਆ ਕਿ 25 ਜਨਵਰੀ ਠੀਕ 11 ਵਜੇ ਇਹ ਸਮਾਗਮ ਲੋਕਾਂ ਦਾ ਮੀਤ ਗੀਤ ਸੰਗੀਤ ਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੋਏਗਾ। ਇਸ ਸੈਸ਼ਨ ’ਚ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸਰੀ ਜੱਥਾ ਰਸੂਲਪੁਰ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ ਲੋਕ ਸੰਗੀਤ ਮੰਡਲੀ ਮਸਾਣੀ, ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਜੀਦਾ ਤੇ ਅਜਮੇਰ ਅਕਲੀਆ ਆਪਣੇ ਗੀਤਾਂ ਨਾਲ ਸਮਾਗਮ ਚ ਸੰਗੀਤਕ ਰੰਗ ਭਰਨਗੇ। ਦੂਜੇ ਸੈਸ਼ਨ ’ਚ ਲੋਕਾਂ ਦਾ ਸੰਗੀ ਸਾਥੀ : ਸਾਹਿਤ ਤੇ ਸਭਿਆਚਾਰ ਵਿਸ਼ੇ ’ਤੇ ਵਿਚਾਰ ਚਰਚਾ ਹੋਏਗੀ। ਇਸ ਵਿਚਾਰ ਚਰਚਾ ’ਚ ਡਾ. ਨਵਸ਼ਰਨ, ਡਾ. ਅਰੀਤ ਤੇ ਮਨਜੀਤ ਔਲਖ ਨੂੰ ਉਚੇਚੇ ਤੌਰ ’ਤੇ ਸੱਦਾ ਭੇਜਿਆ ਗਿਆ ਹੈ। ਤੀਜੇ ਸੈਸ਼ਨ ’ਚ ਗੁਰਸ਼ਰਨ ਸਿੰਘ ਵੱਲੋਂ ਰਚਿਤ ਨਾਟਕ ਸਿਉਂਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਹਰਕੇਸ਼ ਚੌਧਰੀ ਦੀ ਅਗਵਾਈ ’ਚ ਦਰਸ਼ਕਾਂ ਦੇ ਰੂ-ਬ-ਰੂ ਕਰੇਗੀ।