ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਦਿੱਤਾ ਮੰਗ ਪੱਤਰ
ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਪੀਐੱਸਯੂ ਤੇ ਇਸਤਰੀ ਜਾਗਰਤੀ ਮੰਚ ਨੇ ਦਿੱਤਾ ਮੰਗ ਪੱਤਰ
Publish Date: Mon, 16 Mar 2026 08:21 PM (IST)
Updated Date: Mon, 16 Mar 2026 08:25 PM (IST)

-ਕਾਰਵਾਈ ਨਾ ਹੋਣ ’ਤੇ ਦੋਵੇਂ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਇਸਤਰੀ ਜਾਗ੍ਰਿਤੀ ਮੰਚ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਜਨਤਕ ਵਫ਼ਦ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਤੇ ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਨੂੰ ਮੰਗ ਪੱਤਰ ਦੇ ਕੇ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਪਿੰਡ ਪੱਬਵਾਂ ਬਲਾਕ ਨੂਰਮਹਿਲ ਵਿਖੇ ਆਬਾਦੀ ’ਚ ਖੋਲ੍ਹੇ ਹੋਏ ਸ਼ਰਾਬ ਦੇ ਠੇਕੇ ਨੂੰ ਤੁਰੰਤ ਪਿੰਡ ’ਚੋਂ ਹਟਾਉਣ ਦੀ ਮੰਗ ਕੀਤੀ ਗਈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਭਰਿਆ। ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ, ਜ਼ਿਲ੍ਹਾ ਆਗੂ ਕੁਲਵੰਤ ਕੌਰ ਪੱਬਵਾਂ (ਸਾਬਕਾ ਸਰਪੰਚ) ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਰਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪਿੰਡ ਦੀ ਹੱਦ ’ਚੋਂ ਸ਼ਰਾਬ ਦੇ ਠੇਕੇ ਨੂੰ ਨਾ ਹਟਾਉਣ ਦੀ ਸੂਰਤ ’ਚ ਦੋਵੇਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਤੇ ਨਿਕਲਣ ਵਾਲੇ ਸਿੱਟਿਆਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਸਾਂਝੇ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਯਾਦ ਪੱਤਰ ਦਿੰਦੇ ਹੋਏ ਧਿਆਨ ’ਚ ਲਿਆਂਦਾ ਕਿ ਪਿੰਡ ਪੱਬਵਾਂ ਬਲਾਕ ਨੂਰਮਹਿਲ ਜ਼ਿਲ੍ਹਾ ਜਲੰਧਰ ਦੀ ਵੱਸੋਂ ਅੰਦਰ ਪੈਂਦੇ ਸ਼ਰਾਬ ਦੇ ਠੇਕੇ ਨਾਲ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਝੱਲਣੀਆਂ ਪੈ ਰਹੀਆਂ ਹਨ। ਪਿੰਡ ਦੀ ਵਸੋਂ ਅੰਦਰ ਸ਼ਰਾਬ ਦਾ ਠੇਕਾ ਹੋਣ ਕਾਰਨ ਔਰਤਾਂ ਤੇ ਲੜਕੀਆਂ ਜੋ ਕਿ ਆਪਣੇ ਕੰਮਕਾਰ ਲਈ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਨ੍ਹਾਂ ਨੂੰ ਅਣਗਿਣਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਠੇਕਾ ਪਾਰਕ ਨੇੜੇ ਹੋਣ ਕਰਕੇ ਸੈਰ ਕਰਨ ਵਾਲ਼ੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰੀ ਸਕੂਲ ਨੇੜੇ ਹੋਣ ਕਰਕੇ ਸਕੂਲੀ ਬੱਚਿਆਂ ਉੱਪਰ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸ਼ਰਾਬ ਦਾ ਠੇਕਾ ਹਟਾਉਣ ਲਈ ਗ੍ਰਾਮ ਪੰਚਾਇਤ ਪੱਬਵਾਂ ਵੱਲੋਂ ਪੰਚਾਇਤੀ ਮਤਾ ਪਾਸ ਵੀ ਕੀਤਾ ਗਿਆ। ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਵਾਰ-ਵਾਰ ਮੰਗ ਪੱਤਰ ਸਮੇਤ ਪੰਚਾਇਤੀ ਮਤਾ ਦੇਣ ਦੇ ਬਾਵਜੂਦ ਸ਼ਰਾਬ ਦਾ ਠੇਕਾ ਪਿੰਡ ’ਚੋਂ ਬਾਹਰ ਨਹੀਂ ਕੱਢਿਆ ਗਿਆ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਆਗੂ, ਬਲਵਿੰਦਰ ਕੌਰ ਘੁੱਗਸ਼ੋਰ, ਕੁਲਵੰਤ ਕੌਰ ਪੱਬਵਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜੁਲੇਖਾ ਤੇ ਕੋਮਲ ਤੋਂ ਇਲਾਵਾ ਹਰਮਨ, ਨਰਿੰਦਰ ਕੌਰ ਆਦਿ ਵੀ ਵਫ਼ਦ ’ਚ ਸ਼ਾਮਲ ਸਨ।