ਸੀਐੱਨਜੀ ਬਾਇੋਗੈਸ ਪਲਾਂਟ ਤੇ ਸ਼ੂਗਰ ਮਿਲ ਦੀ ਕਾਲਖ ਦੇ ਵਿਰੋਧ ’ਚ ਭੋਗਪੁਰ ’ਚ ਰੋਸ ਮਾਰਚ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਐੱਨਜੀ ਬਾਇਓਗੈਸ ਪਲਾਂਟ ਦੇ ਵਿਰੋਧ ਤੇ ਸ਼ੂਗਰ ਮਿਲ ਭੋਗਪੁਰ ਦੀ ਚਿਮਨੀ ’ਚੋਂ ਨਿਕਲ ਰਹੀ ਕਾਲਖ ਤੇ ਰਾਖ ਦੀ ਸਮੱਸਿਆ ਨੂੰ ਲੈ ਕੇ ਸ਼ਨਿਚਰਵਾਰ ਨੂੰ ਭੋਗਪੁਰ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਦੀ ਅਗਵਾਈ ’ਚ ਰੋਸ ਮਾਰਚ ਕੱਢਿਆ। ਰੋਸ ਮਾਰਚ ਦੀ ਸ਼ੁਰੂਆਤ ਸਵੇਰੇ ਕਰੀਬ 10:30 ਵਜੇ ਭੋਗਪੁਰ ਰੇਲਵੇ ਸਟੇਸ਼ਨ ਤੋਂ ਹੋਈ। ਇੱਥੇ ਦੁਕਾਨਦਾਰ ਤੇ ਸਥਾਨਕ ਲੋਕ ਬੈਨਰ ਲੈ ਕੇ ਇਕੱਠੇ ਹੋਏ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ੂਗਰ ਮਿਲ ਦੇ ਗੇਟ ਵੱਲ ਮਾਰਚ ਸ਼ੁਰੂ ਕੀਤਾ। ਹਾਲਾਂਕਿ ਰਸਤੇ ’ਚ ਡੀਐੱਸਪੀ ਦੀ ਅਗਵਾਈ ਹੇਠ ਮੌਜੂਦ ਪੁਲਿਸ ਬਲ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਡੱਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸ਼ੂਗਰ ਮਿਲ ਦੇ ਗੇਟ ਤੱਕ ਜਾ ਕੇ ਚਿਮਨੀ ’ਚੋਂ ਨਿਕਲ ਰਹੀ ਕਾਲਖ ਤੇ ਪ੍ਰਦੂਸ਼ਣ ਦੇ ਮਸਲੇ ਨੂੰ ਉਠਾਉਣਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਪੁਰਾਣੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਲਗਪਗ ਦੋ ਸਾਲਾਂ ਤੋਂ ਡੀਸੀ, ਐੱਸਡੀਐੱਮ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ੂਗਰ ਮਿਲ ਦੀ ਚਿਮਨੀ ’ਚੋਂ ਨਿਕਲਦੇ ਧੂੰਏਂ ਤੇ ਕਾਲਖ ਦੀ ਸਮੱਸਿਆ ਬਾਰੇ ਮੈਮੋਰੈਂਡਮ ਦਿੱਤੇ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਚਰਨਜੀਤ ਸਿੰਘ ਡੱਲਾ ਨੇ ਕਿਹਾ ਕਿ ਸੀਐੱਨਜੀ ਬਾਇਓਗੈਸ ਪਲਾਂਟ ਨੂੰ ਲੈ ਕੇ ਪਹਿਲਾਂ ਹੋਏ ਧਰਨੇ ਦੌਰਾਨ ਪ੍ਰਸ਼ਾਸਨ ਨਾਲ ਇਹ ਸਹਿਮਤੀ ਬਣੀ ਸੀ ਕਿ 5 ਮਾਰਚ ਤੱਕ ਪਲਾਂਟ ਦਾ ਕੰਮ ਰੋਕਿਆ ਜਾਵੇਗਾ। ਹਾਲਾਂਕਿ ਹਾਈਕੋਰਟ ’ਚ ਸੁਣਵਾਈ ਲਈ ਜੱਜ ਦੀ ਉਪਲੱਬਧਤਾ ਨਾ ਹੋਣ ਕਾਰਨ ਹੁਣ ਇਸ ਮਾਮਲੇ ਦੀ ਅਗਲੀ ਤਰੀਕ ਅਪ੍ਰੈਲ ਤੱਕ ਚਲੀ ਗਈ ਹੈ। ਅਜਿਹੇ ’ਚ ਲੋਕਾਂ ਦੀ ਮੰਗ ਹੈ ਕਿ ਜਦ ਤੱਕ ਹਾਈਕੋਰਟ ਦਾ ਅੰਤਿਮ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਪਲਾਂਟ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ। ਨਗਰ ਕੌਂਸਲ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਵੀ ਕਿਹਾ ਕਿ ਜਦ ਤੱਕ ਹਾਈ ਕੋਰਟ ਦਾ ਸਪੱਸ਼ਟ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਪ੍ਰਸ਼ਾਸਨ ਨੂੰ ਸੀਐੱਨਜੀ ਬਾਇਓਗੈਸ ਪਲਾਂਟ ਦਾ ਕੰਮ ਸ਼ੁਰੂ ਨਹੀਂ ਕਰਵਾਉਣਾ ਚਾਹੀਦਾ ਤਾਂ ਜੋ ਇਲਾਕੇ ਦਾ ਮਾਹੌਲ ਖਰਾਬ ਨਾ ਹੋਵੇ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜੀਐੱਮ ਸ਼ੂਗਰ ਮਿਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ‘ਸੀਐੱਨਜੀ ਪਲਾਂਟ ਨਹੀਂ ਲੱਗਣ ਦੇਵਾਂਗੇ’, ‘ਜੀਐੱਮ ਸ਼ੂਗਰ ਮਿਲ ਮੁਰਦਾਬਾਦ’ ਤੇ ‘ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਬੰਦ ਕਰੋ’ ਵਰਗੇ ਨਾਅਰੇ ਲਾਏ। ਇਸ ਮੌਕੇ ਲੱਕੀ ਧੂਰ, ਸੋਨੂ ਅਰੋੜਾ, ਵਿਸ਼ਾਲ ਬਹਿਲ ਸਮੇਤ ਕਈ ਦੁਕਾਨਦਾਰ ਤੇ ਸਥਾਨਕ ਲੋਕ ਮੌਜੂਦ ਰਹੇ।