ਐੱਮਐੱਲਏਜ਼ ਨੂੰ 19 ਤੋਂ 21 ਅਪ੍ਰੈਲ ਤੱਕ ਦਿੱਤੇ ਜਾਣਗੇ ਰੋਸ ਪੱਤਰ
19 ਤੋਂ 21 ਅਪ੍ਰੈਲ ਤੱਕ ਐੱਮਐੱਲਏਜ ਨੂੰ ਦਿੱਤੇ ਜਾਣਗੇ ਰੋਸ ਪੱਤਰ
Publish Date: Sun, 05 Apr 2026 06:55 PM (IST)
Updated Date: Mon, 06 Apr 2026 04:08 AM (IST)

- 3 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ’ਚ ਹੋਵੇਗੀ ਸੂਬਾਈ ਰੈਲੀ : ਪਰਵੀਨ ਬਾਲਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਨਿਗੂਣੇ ਜਿਹੇ ਮਾਣ ਭੱਤੇ ’ਤੇ ਕੰਮ ਕਰਦੀਆਂ ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਪਰਵੀਨ ਬਾਲਾ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਕਰਵਾਈ। ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵਿਸ਼ਵ ਬੈਂਕ ਤੇ ਸਰਮਾਏਦਾਰਾਂ ਦੇ ਦਬਾਅ ਹੇਠ ਜਨਤਕ ਅਦਾਰਿਆਂ ਨੂੰ ਖਤਮ ਕਰੀ ਜਾ ਰਹੀਆਂ ਹਨ। ਸਰਕਾਰੀ ਮਹਿਕਮਿਆਂ ਅੰਦਰ ਰੈਗੂਲਰ ਤੇ ਪੂਰੇ ਸਕੇਲਾਂ ਤੇ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਬਜਾਏ ਠੇਕੇ ਤੇ ਨਿਗੁਣੇ ਜਿਹੇ ਮਾਣ ਭੱਤਿਆਂ ਤੇ ਭਰਤੀ ਕਰਕੇ ਇਹਨਾਂ ਮੁਲਾਜ਼ਮਾਂ ਦਾ ਆਰਥਿਕ, ਸਮਾਜਿਕ ਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ। ਉਨਾਂ ਮਿੱਡ-ਡੇ ਮੀਲ ਵਰਕਰਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਿਆ। ਸਟੇਜ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕਤੱਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਜਥੇਬੰਦੀ ਵੱਲੋਂ ਪਿਛਲੇ ਸਮੇਂ ’ਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ’ਚ ਆਗੂਆਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਾਣ ਭੱਤਾ ਤੁਰੰਤ ਦੁੱਗਣਾ ਕੀਤਾ ਜਾਵੇ। ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਘੱਟੋ ਘੱਟ ਉਜਰਤ ਨੂੰ ਲਾਗੂ ਕਰਦੇ ਹੋਏ 26000/- ਰੁਪਏ ਮਿਹਨਤਾਨਾ ਦਿੱਤਾ ਜਾਵੇ। ਮਿੱਡ ਡੇ ਮੀਲ ਵਰਕਰ ਦੇ ਅਚਨਚੇਤ ਛੁੱਟੀ ਲੈਣ ਸਮੇਂ ਖਾਣਾ ਬਣਾਉਣ ਲਈ ਬਦਲਵਾਂ ਪ੍ਰਬੰਧ ਸਕੂਲ ਮੁਖੀ ਕਰੇ, ਵਰਕਰਾਂ ਨੂੰ ਸਾਲ ਦੌਰਾਨ ਦੋ ਵਰਦੀਆਂ ਦਿੱਤੀਆਂ ਜਾਣ ਆਦਿ ਮੰਗ ਪੱਤਰ ’ਚ ਦਰਜ਼ ਮੰਗਾਂ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਬਾਲਾ ਫ਼ਤਿਹਗੜ੍ਹ ਸਾਹਿਬ, ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਕੌਰ ਬਰਨਾਲਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਜੁਆਇੰਟ ਸਕੱਤਰ ਚਰਨਜੀਤ ਕੌਰ ਮਾਹਲ, ਕੈਸ਼ੀਅਰ ਕਮਲੇਸ ਕੌਰ ਰੋਪੜ, ਸਹਾਇਕ ਕੈਸ਼ੀਅਰ ਸੁਖਵਿੰਦਰ ਕੌਰ ਤਰਨਤਾਰਨ, ਪ੍ਰੈੱਸ ਸਕੱਤਰ ਸਿਮਰਨਜੀਤ ਕੌਰ ਪਾਸਲਾ- ਜਲੰਧਰ, ਕੁਲਵਿੰਦਰ ਕੌਰ ਮੋਹਾਲੀ, ਸਿਬਲਜੀਤ ਕੌਰ ਫਰੀਦਕੋਟ, ਕਰਮਜੀਤ ਕੌਰ, ਆਸਾ ਰਾਣੀ, ਮਹਿੰਦਰ ਕੌਰ, ਹਰਮੇਸ ਕੌਰ ਰੋਪੜ, ਮਨਜੀਤ ਕੌਰ, ਕੁਲਵਿੰਦਰ ਕੌਰ ਅੰਦਹੇੜੀ, ਗੁਰਜੀਤ ਕੌਰ ਮੌਹਾਲੀ, ਜਸਵੀਰ ਕੌਰ, ਮਨਜੀਤ ਕੌਰ, ਪ.ਸ.ਸ.ਫ ਦੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ, ਸੂਬਾ ਆਗੂ ਨਿਰਮਲਜੀਤ ਸਿੰਘ ਤਰਨ ਤਰਨ ਤੇ ਸੁਖਵਿੰਦਰ ਰਾਮ ਜਲੰਧਰ ਆਦਿ ਹਾਜ਼ਰ ਸਨ। ਮੀਟਿੰਗ ’ਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ 19, 20 ਤੇ 21 ਅਪ੍ਰੈਲ 2026 ਤੱਕ ਜ਼ਿਲ੍ਹਾ ਪੱਧਰ ’ਤੇ ਐੱਮਐੱਲਏ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ 3 ਮਈ 2026 ਨੂੰ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।