ਘਰੇਲੂ ਗੈਸ ਸਪਲਾਈ ਲਈ ਜੂਝ ਰਹੇ ਲੋਕਾਂ ਵੱਲੋਂ ਵਰ੍ਹਦੇ ਮੀਂਹ ’ਚ ਮੁਜ਼ਾਹਰਾ
ਘਰੇਲੂ ਗੈਸ ਸਪਲਾਈ ਲਈ ਜੂਝ ਰਹੇ ਲੋਕਾਂ ਵਲੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਰਦੇ ਮੀਂਹ ਚ ਧਰਨਾ ਮੁਜ਼ਾਹਰਾ
Publish Date: Thu, 19 Mar 2026 09:09 PM (IST)
Updated Date: Thu, 19 Mar 2026 09:13 PM (IST)

-ਕਿੱਲਤ ਕਾਰਨ ਕੇਂਦਰ ਦੇ ਬਦਲਵੇਂ ਪ੍ਰਬੰਧ 15-15 ਲੱਖ ਵਰਗੇ : ਘੁੱਗਸ਼ੋਰ -ਹਮਲਿਆਂ ਤੇ ਗੈਸ ਦੀ ਕਿੱਲਤ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਕੁਲਦੀਪ ਸਿੰਘ ਵਾਲਿਆ, ਪੰਜਾਬੀ ਜਾਗਰਣ, ਕਰਤਾਰਪੁਰ : ਈਰਾਨ ਦਾ ਤੇਲ ਤੇ ਗੈਸ ਹਥਿਆਉਣ ਲਈ ਅਮਰੀਕੀ ਸਾਮਰਾਜ ਤੇ ਇਜ਼ਰਾਇਲ ਵੱਲੋਂ ਈਰਾਨ ਉੱਪਰ ਕੀਤੇ ਜਾ ਰਹੇ ਨਿਹੱਕੇ ਹਮਲਿਆਂ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਘਰੇਲੂ ਗੈਸ ਸਪਲਾਈ ਲਈ ਜੂਝ ਰਹੇ ਹਨ। ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਆਗੂ ਪਰਮਜੀਤ ਕੌਰ ਮੀਕੋ ਤੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਬਲਵਿੰਦਰ ਕੌਰ ਘੁੱਗਸ਼ੋਰ ਦੀ ਅਗਵਾਈ ਹੇਠ ਕਰਤਾਰਪੁਰ ’ਚ ਵਰ੍ਹਦੇ ਮੀਂਹ ’ਚ ਭਾਰਤ ਗੈਸ ਏਜੰਸੀ ਅੱਗੇ 4 ਘੰਟੇ ਤੋਂ ਵੱਧ ਸਮਾਂ ਧਰਨਾ ਮੁਜ਼ਾਹਰਾ ਕੀਤਾ ਗਿਆ। ਏਜੰਸੀ ਪ੍ਰਬੰਧਕਾਂ ਨੂੰ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪ੍ਰਬੰਧ ਕਰਕੇ 100 ਤੋਂ ਵੱਧ ਖਪਤਕਾਰਾਂ ਨੂੰ ਮੌਕੇ ’ਤੇ ਹੀ ਗੈਸ ਸਿਲੰਡਰ ਸਪਲਾਈ ਕਰਨੇ ਪਏ ਤਾਂ ਜਾ ਕੇ ਧਰਨਾ ਸਮਾਪਤ ਕੀਤਾ ਗਿਆ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਘਰੇਲੂ ਗੈਸ ਦੀ ਕਿੱਲਤ ਕਾਰਨ ਆਮ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਇਸ ਪਿੱਛੇ ਹੋਰਨਾਂ ਕਾਰਨਾਂ ਸਮੇਤ ਅੰਤਰਰਾਸ਼ਟਰੀ ਪੱਧਰ ਤੇ ਈਰਾਨ ਉੱਪਰ ਅਮਰੀਕੀ ਸਾਮਰਾਜ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਹਨ। ਉਨ੍ਹਾਂ ਅਮਰੀਕੀ ਸਾਮਰਾਜ ਤੇ ਇਜ਼ਰਾਇਲ ਹਕੂਮਤ ਵੱਲੋਂ ਈਰਾਨ ਉੱਪਰ ਕੀਤੇ ਜਾ ਰਹੇ ਹਮਲੇ ਬੰਦ ਕਰਨ ਤੇ ਈਰਾਨ ਉੱਪਰ ਕੀਤੇ ਜਾਣ ਵਾਲੇ ਹਮਲਿਆਂ ਕਾਰਨ ਗੈਸ, ਪੈਟਰੋਲ, ਡੀਜ਼ਲ ਤੇਲ ਦੀ ਹੋਰ ਹੋਣ ਵਾਲੀ ਕਿੱਲਤ ਕਾਰਨ ਅੱਤ ਦੀ ਮਹਿੰਗਾਈ ਦੇ ਰੂਪ ’ਚ ਜੇਬ ’ਤੇ ਪੈਣ ਵਾਲੇ ਡਾਕਿਆਂ ਤੇ ਹੋਰ ਸਮੱਸਿਆਵਾਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਜਥੇਬੰਦ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਦਾਅਵਾ ਕੀਤਾ ਸੀ ਕਿ ਐੱਲਪੀਜੀ ਦੀ ਕਮੀ ਨਾਲ ਨਜਿੱਠਣ ਲਈ ਖਾਣਾ ਬਣਾਉਣ ਤੇ ਰੌਸ਼ਨੀ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਕੇਂਦਰ ਸਰਕਾਰ ਦੇ ਉਹ ਪ੍ਰਬੰਧ 15-15 ਲੱਖ ਰੁਪਏ ਖਾਤਿਆਂ ’ਚ ਪਾਉਣ ਵਾਲੇ ਲਾਅਰੇ ਲੱਪਿਆ ਵਰਗੇ ਹੀ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਪਾਕਿਸਤਾਨ ਰਾਹੀਂ ਈਰਾਨ ਤੋਂ ਭਾਰਤ ਨੂੰ ਤੇਲ ਲਿਆਉਣ ਲਈ ਪਾਇਪ ਲਾਈਨ ਵਿਛਾਈ ਜਾਣੀ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਬੰਦ ਕਰ ਦਿੱਤਾ ਗਿਆ ਤੇ ਸਬੰਧਤ ਮੰਤਰੀ ਤੋਂ ਮਹਿਕਮਾ ਵੀ ਖੋਹ ਲਿਆ ਗਿਆ। ਹੁਣ ਅਮਰੀਕੀ ਸਾਮਰਾਜ ਵੱਲੋਂ ਵੈਨੇਜ਼ੁਏਲਾ ਤੋਂ ਤੇਲ ਲਿਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜੋ ਇਰਾਨ ਤੋਂ ਵੱਧ ਦੂਰੀ ਹੋਣ ਤੇ ਕਾਰਨ ਭਾਰਤ ਆਉਣ ਲਈ ਵਧੇਰੇ ਸਮਾਂ ਲੱਗੇਗਾ ਤੇ ਅੱਤ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਹਾਕਮ ਦੇਸ਼ ਦੇ ਲੋਕਾਂ ਦੀ ਜਗ੍ਹਾ ਅਮਰੀਕੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ। ਇਸਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਜਿਹੜਾ ਮੁੱਖ ਮੰਤਰੀ ਟਾਹਰਾਂ ਮਾਰਦਾ ਸੀ ਕਿ ਮੈਂ ਪੰਜਾਬ ਦੇ ਲੱਖਾਂ ਲੋਕਾਂ ਦਾ ਕੱਸਟੋਡੀਅਨ ਹਾਂ ਤੇ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲ੍ਹਾ ਝਾੜ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰ ਸਾਰਾ ਮੁਨਾਫ਼ਾ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਰਸਤੇ ਉੱਪਰ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਲਤ ਪਿੱਛੇ ਦੂਜਾ ਕਾਰਨ ਘਰੇਲੂ ਗੈਸ ਦੀ ਜ਼ਖੀਰੇਬਾਜ਼ੀ ਕਰਕੇ ਗੈਸ ਸਪਲਾਈ ਦੀ ਨਕਲੀ ਥੁੜ੍ਹ ਵਿਖਾ ਕੇ ਪ੍ਰਾਈਵੇਟ ਗੈਸ ਕੰਪਨੀਆਂ ਲੋਕਾਂ ਦੀ ਲੁੱਟ ਕਰ ਰਹੀਆਂ ਹਨ ਤੇ ਕੇਂਦਰ ਤੇ ਸੂਬਾ ਸਰਕਾਰ ਮਿਲੀਭੁਗਤ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹੀ ਲੁੱਟ ਕਰਨ ਦਾ ਮੌਕਾ ਦੇ ਰਹੀਆਂ ਹਨ।