ਮਹਿਤਪੁਰ ਥਾਣੇ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ
ਮਹਿਤਪੁਰ ਥਾਣੇ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ
Publish Date: Sun, 08 Mar 2026 08:40 PM (IST)
Updated Date: Sun, 08 Mar 2026 08:42 PM (IST)

- ਜੱਥੇਬੰਦੀਆਂ ਵੱਲੋਂ ਥਾਣੇ ਅੱਗੇ ਅੱਜ ਕੀਤਾ ਜਾਵੇਗਾ ਵੱਡਾ ਇਕੱਠ, ਤਿੱਖੇ ਐਕਸ਼ਨ ਦੀ ਚਿਤਾਵਨੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ: ਪਿੰਡ ਬੂਟੇ ਦੀਆਂ ਛੰਨਾਂ ਦੇ ਸਰਪੰਚ ਮਹਿੰਦਰ ਸਿੰਘ ਦੀ ਨਸ਼ਾ ਤਸਕਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਵਿੱਚ ਹੋਈ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਵੱਖ-ਵੱਖ ਇਨਸਾਫ਼ ਪਸੰਦ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਅੱਗੇ ਲਾਇਆ ਦਿਨ-ਰਾਤ ਦਾ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਸਪੱਸ਼ਟ ਐਲਾਨ ਕੀਤਾ ਕਿ ਜਦੋਂ ਤੱਕ ਜਥੇਬੰਦੀਆਂ ਵੱਲੋਂ ਰੱਖੀਆਂ ਮੰਗਾਂ ਸਰਕਾਰ ਅਤੇ ਪ੍ਰਸ਼ਾਸਨ ਨਹੀਂ ਮੰਨਦਾ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲਿਸ ਭਾਵੇਂ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਜਦੋਂ ਤੱਕ ਮਹਿਤਪੁਰ ਦੇ ਐੱਸਐੱਚਓ ਤੇ ਮੁਨਸ਼ੀ ਨੂੰ ਸਰਪੰਚ ਦੇ ਕਤਲ ਮੁਕੱਦਮੇ ਵਿੱਚ ਸ਼ਾਮਲ ਕਰਕੇ ਬਰਖ਼ਾਸਤ ਨਹੀਂ ਕੀਤਾ ਜਾਂਦਾ, ਉਦੋਂ ਤਕ ਧਰਨਾ ਨਹੀਂ ਚੁੱਕਿਆ ਜਾਵੇਗਾ। ਮਨਰੇਗਾ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 9 ਮਾਰਚ ਨੂੰ ਜਥੇਬੰਦੀਆਂ ਵੱਲੋਂ ਥਾਣੇ ਦੇ ਬਾਹਰ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ, ਤਾਂ ਜਥੇਬੰਦੀਆਂ ਕਿਸੇ ਵੱਡੇ ਤੇ ਤਿੱਖੇ ਐਕਸ਼ਨ ਦਾ ਸੱਦਾ ਦੇਣ ਲਈ ਮਜਬੂਰ ਹੋਣਗੀਆਂ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਮੁਕੰਮਲ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਪਿੰਡਾਂ ਵਿਚ ਵੀ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਧਰਨੇ ਦੌਰਾਨ ਆਗੂ ਰਾਮ ਸਿੰਘ ਕੈਮਵਾਲਾ ਤੇ ਹੋਰ ਬੁਲਾਰਿਆਂ ਨੇ ਗੰਭੀਰ ਦੋਸ਼ ਲਾਏ ਕਿ ਪਿੰਡ ਬੂਟੇ ਦੀਆਂ ਛੰਨਾਂ ਸਮੇਤ ਮਹਿਤਪੁਰ ਇਲਾਕੇ ਵਿਚ ਅੱਜ ਵੀ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ, ਪਰ ਪੁਲਿਸ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਬਜਾਏ ਕਥਿਤ ਤੌਰ ਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸੇ ਪੁਲਿਸ ਮਿਲੀਭੁਗਤ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਸਰਪੰਚ ਮਹਿੰਦਰ ਸਿੰਘ ਦੀ ਜਾਨ ਗਈ ਹੈ। ਧਰਨੇ ਦੌਰਾਨ ਮਨਰੇਗਾ ਯੂਨੀਅਨ ਦੇ ਆਗੂ ਕਾਮਰੇਡ ਸਤਪਾਲ ਸਹੋਤਾ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਖੁਰਲਾਪੁਰ, ਕਿਸਾਨ ਆਗੂ ਸਤਨਾਮ ਸਿੰਘ, ਸੰਦੀਪ ਅਰੋੜਾ ਮਹਿਤਪੁਰ, ਨਿਰਮਲ ਸਿੰਘ ਮਲਸੀਆਂ, ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਸੰਧੂ, ਨੌਜਵਾਨ ਭਾਰਤ ਸਭਾ ਵੱਲੋਂ ਮਨਦੀਪ ਸਿੰਘ ਸਿੱਧੂ, ਬਿਕਰਮ ਮੰਡਾਲਾ, ਜਲ ਸਪਲਾਈ ਯੂਨੀਅਨ ਦੇ ਜਸਵੀਰ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।