ਸਕੂਲ ਖੋਲ੍ਹਣ ਲਈ ਡੀਈਓ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਸਕੂਲ ਨੂਰਮਹਿਲ ਖੋਲਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 07 Apr 2026 06:52 PM (IST)
Updated Date: Wed, 08 Apr 2026 04:09 AM (IST)

--ਸਕੂਲ ਨਾ ਖੋਲ੍ਹਣ ਦੀ ਸੂਰਤ ’ਚ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੱਜ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਨੂੰ ਸ਼ੁਰੂ ਕਰਵਾਉਣ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪਿੰਦਰਜੀਤ ਕੌਰ ਨੇ ਫੋਨ ’ਤੇ ਹੋਈ ਗੱਲ ’ਚ ਭਰੋਸਾ ਦਿੱਤਾ ਕਿ ਅਸੀਂ ਡੈਪੂਟੇਸ਼ਨ ਤੇ ਟੀਚਰ ਦੇ ਕੇ ਕਲਾਸ ਸ਼ੁਰੂ ਕਰਨ ਦਾ ਯਤਨ ਕਰਾਂਗੇ। ਇਸ ਮੌਕੇ ’ਤੇ ਹਾਜਰ ਡਿਪਟੀ ਡੀਈਓ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਅਸੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ 21 ਜਨਵਰੀ 2026 ਨੂੰ ਮਿਲੇ ਸੀ ਤਾਂ ਉਨ੍ਹਾਂ ਨੇ ਸਕੂਲ ਦੀ ਇਮਾਰਤ ਦਾ ਨਿਰੀਖਣ ਕਰਨ ’ਤੇ 16 ਕਰੋੜ ਦੀ ਆਈ ਹੋਈ ਗ੍ਰਾਂਟ ਨੂੰ ਸਕੂਲ ਦੀ ਉਸਾਰੀ ਕਰਨ ਲਈ ਖ਼ਰਚਣ ਤੇ ਪਹਿਲੀ ਅਪ੍ਰੈਲ ਤੋਂ ਸਕੂਲ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਮਹਿਕਮੇ ਵੱਲੋਂ ਅਪ੍ਰੈਲ ਦਾ ਪਹਿਲਾ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਸਕੂਲ ਖੋਲ੍ਹਣ ਦੀ ਕੋਈ ਅਮਲਦਾਰੀ ਸ਼ੁਰੂ ਨਹੀਂ ਕੀਤੀ ਗਈ। ਨੂਰਮਹਿਲ ਸ਼ਹਿਰ ’ਚ ਕੋਈ ਸਰਕਾਰੀ ਵਿਦਿਅਕ ਅਦਾਰਾ ਨਾ ਹੋਣ ਕਾਰਨ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਿਖਿਆ ਲੈਣੀ ਮੁਸ਼ਕਿਲ ਹੋ ਰਹੀ ਹੈ ਪਰ ਸਰਕਾਰ ਤੇ ਮਹਿਕਮੇ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਕੂਲ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਇਸ ਖ਼ਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ, ਸਮਾਜ ਸੇਵੀ ਤੇ ਸੀਨੀਅਰ ਪੱਤਰਕਾਰ ਬਾਲਕ੍ਰਿਸ਼ਨ ਬਾਲੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭੈਣ ਸੁਰਿੰਦਰ ਕੁਮਾਰੀ ਕੋਛੜ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੰਗਲਜੀਤ ਪੰਡੋਰੀ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਰਛਪਾਲ ਸਿੰਘ, ਸ਼੍ਰੋਮਣੀ ਰੰਘਰੇਟਾ ਦਲ ਭਾਰਤ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ, ਭਾਰਤ ਬਲਵੀਰ ਸਿੰਘ ਚੀਮਾ, ਜਸਪਿੰਦਰ ਸਿੰਘ ਚੀਮਾ ਯੂਥ ਆਗੂ ਸ਼੍ਰੋਮਣੀ ਰੰਘਰੇਟਾ ਦਲ, ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਤੇ ਹੋਰ ਆਗੂ ਹਾਜ਼ਰ ਸਨ।