ਫਿਲੌਰ-ਨਵਾਂਸ਼ਹਿਰ ਰੋਡ ’ਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਧਰਨਾ ਚੌਥੇ ਦਿਨ ਵੀ ਜਾਰੀ
ਫਿਲੌਰ ਨਵਾਂਸ਼ਹਿਰ ਰੋਡ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਧਰਨਾ ਚੌਥੇ ਦਿਨ ਵੀ ਜਾਰੀ
Publish Date: Sun, 11 Jan 2026 07:57 PM (IST)
Updated Date: Mon, 12 Jan 2026 04:16 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ-ਨਵਾਂਸ਼ਹਿਰ ਰੋਡ ’ਤੇ ਗੰਦਾ ਪਾਣੀ ਲਗਪਗ 4 ਮਹੀਨਿਆਂ ਤੋਂ ਖੜ੍ਹਾ ਹੋਣ ਕਾਰਨ ਇਲਾਕੇ ਵਾਸੀਆਂ ਨੇ ਧਰਨਾ ਲਗਾਇਆ, ਜੋ ਚੌਥੇ ਦਿਨ ਵੀ ਜਾਰੀ ਹੈ। ਸਬੰਧਤ ਵਿਭਾਗ ਨੂੰ ਵਾਰ-ਵਾਰ ਲਿਖਤੀ ਰੂਪ ’ਚ ਸਮੱਸਿਆ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪਾਣੀ ਖੜ੍ਹਾ ਹੋਣ ਕਾਰਨ ਪਹਿਲਾਂ ਹੀ ਇਕ ਐਕਸੀਡੈਂਟ ਦੌਰਾਨ ਔਰਤ ਦੀ ਮੌਤ ਹੋ ਚੁੱਕੀ ਸੀ। ਧਰਨਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਡੇਰਾ 108 ਮੇਲੇ ਦੇ ਤਿਆਰੀ ਸਮੇਂ ਵੀ ਜਾਰੀ ਹੈ। ਸੰਗਤ ਨੇ ਟੈਂਟ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ। 8 ਜਨਵਰੀ ਤੋਂ ਇਹ ਧਰਨਾ ਚੱਲ ਰਿਹਾ ਹੈ। ਅੱਜ ਮੌਕੇ ਨਵਦੀਪ ਸਿੰਘ ਐੱਸਡੀਐੱਮ ਫਿਲੌਰ, ਤਹਿਸੀਲਦਾਰ ਮਨਦੀਪ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਸੰਦੀਪ ਕਾਨਗੋ, ਜਸਜੀਤ ਕੌਰ (ਬੀਡੀਪੀਓ ਫਿਲੌਰ), ਭਾਰਤ ਮਸੀਹ (ਡੀਐੱਸਪੀ ਫਿਲੌਰ), ਅਮਨ ਸੈਣੀ (ਐੱਸਐੱਚਓ ਫਿਲੌਰ) ਸਮੇਤ ਹੋਰ ਪ੍ਰਸ਼ਾਸਨ ਅਧਿਕਾਰੀ ਮੌਕੇ ’ਤੇ ਪਹੁੰਚੇ।
ਐੱਸਡੀਐੱਮ ਨਵਦੀਪ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਆਰਜੀ ਤੌਰ ’ਤੇ ਗੰਦੇ ਪਾਣੀ ਦਾ ਨਿਕਾਸ ਅੱਜ ਹੀ ਕਰਵਾਇਆ ਜਾਵੇਗਾ ਤੇ ਰੋਡ ਤੋਂ ਧਰਨਾ ਹਟਾਉਣ ਲਈ ਕਿਹਾ। ਧਰਨਾਕਾਰੀ ਇਸ ਨੀਤੀ ’ਤੇ ਅੜੀ ਰਹੇ ਕਿ ਜਦ ਤੱਕ ਪਾਣੀ ਦਾ ਨਿਕਾਸ ਪੱਕੇ ਤੌਰ ’ਤੇ ਨਹੀਂ ਹੋਵੇਗਾ, ਧਰਨਾ ਜਾਰੀ ਰਹੇਗਾ। ਇਲਾਕੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ, ਕਿਉਂਕਿ ਰਾਹਗੀਰਾਂ ਨੂੰ ਵੱਧ ਦੂਰੀ ਘੁੰਮ ਕੇ ਆਪਣੀ ਮੰਜ਼ਿਲ ’ਤੇ ਪਹੁੰਚਣਾ ਪੈਂਦਾ ਹੈ। ਇਸ ਮੌਕੇ ਜਸਵੰਤ ਨਗਰ, ਮਨਜੀਤ ਸਿੰਘ, ਤਰਸੇਮ ਆਦਿ ਲੋਕ ਵੀ ਮੌਜੂਦ ਸਨ।