ਡੀਸੀ ਦਫਤਰ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 27 Mar 2026 11:51 PM (IST)
Updated Date: Fri, 27 Mar 2026 11:53 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਡੀਸੀ ਦਫਤਰ ਮੁਲਾਜ਼ਮ ਯੂਨੀਅਨ ਨੇ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਪਿਛਲੇ ਦਿਨਾਂ ਪੁਲਿਸ ਵੱਲੋਂ ਹਿਰਾਸਤ ’ਚ ਲੈ ਕੇ ਪਰੇਸ਼ਾਨ ਕਰਨ ਖ਼ਿਲਾਫ਼ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਡੀਸੀ ਦਫਤਰ ਕੰਪਲੈਕਸ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਰਾਹੀਂ ਯੂਨੀਅਨ ਨੇ ਰੋਸ ਪ੍ਰਗਟਾਉਂਦਿਆਂ 30 ਮਾਰਚ ਨੂੰ ਬਾਈਕ ਰੈਲੀ ਕੱਢਣ ਦਾ ਐਲਾਨ ਕੀਤਾ ਹੈ। ਜੇ ਸੁਣਵਾਈ ਨਹੀਂ ਹੁੰਦੀ ਤਾਂ ਯੂਨੀਅਨ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਅਸਲ ’ਚ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਮੁਲਾਜ਼ਮਾਂ ਦੀਆਂ ਮੰਗਾਂ ਲਈ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ। ਇਸ ਦੌਰਾਨ 9 ਮਾਰਚ ਦੀ ਰਾਤ ਜੰਡਿਆਲਾ ਗੁਰੂ (ਸ਼੍ਰੀ ਅੰਮ੍ਰਿਤਸਰ ਸਾਹਿਬ) ’ਚ ਪ੍ਰਧਾਨ ਨੂੰ ਅੱਧੀ ਰਾਤ ਪੁਲਿਸ ਸਟੇਸ਼ਨ ਲਿਜਾਇਆ ਗਿਆ ਤੇ ਪੂਰੀ ਰਾਤ ਹਿਰਾਸਤ ’ਚ ਰੱਖਿਆ ਗਿਆ। ਬਾਅਦ ਵਿਚ ਯੂਨੀਅਨ ਦੇ ਧਰਨੇ ਮਗਰੋਂ ਪ੍ਰਧਾਨ ਨੂੰ ਛੱਡਿਆ ਗਿਆ। ਇਸ ਮਾਮਲੇ ਨੂੰ ਲੈ ਕੇ ਯੂਨੀਅਨ ਨੇ ਪੂਰੇ ਸੂਬੇ ’ਚ ਪ੍ਰਦਰਸ਼ਨ ਕੀਤਾ ਤੇ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਵਿਭਾਗੀ ਕਾਰਵਾਈ ਦੇ ਬਾਵਜੂਦ ਹੁਣ ਤੱਕ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਯੂਨੀਅਨ ਨੇ ਦੁਬਾਰਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।