ਪੁਲਿਸ ਵਿਰੁੱਧ ਪਹਿਲੀ ਅਪ੍ਰੈਲ ਤੋਂ ਸੰਘਰਸ਼ ਦਾ ਐਲਾਨ
ਪੁਲਿਸ ਵਿਰੁੱਧ 1 ਅਪ੍ਰੈਲ ਤੋਂ ਪੱਕਾ ਮੋਰਚਾ ਲਗਾ ਕੇ ਸੰਘਰਸ਼ ਦਾ ਐਲਾਨ
Publish Date: Thu, 26 Mar 2026 07:30 PM (IST)
Updated Date: Thu, 26 Mar 2026 07:35 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਇਸ ਨਗਰ ਦੀਆਂ ਵੱਖ-ਵੱਖ ਭਰਾਤਰੀ ਜੱਥੇਬੰਦੀਆਂ ਜਿਨ੍ਹਾਂ ’ਚ ਭਾਰਤ ਦੀ ਜਨਵਾਦੀ ਨੌਜਵਾਨ ਸਭਾ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਸ਼ਾਮਲ ਹਨ, ਵੱਲੋਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਕਿ ਥਾਣਾ ਲੋਹੀਆਂ ਵਿਖੇ ਤਾਇਨਾਤ ਐੱਸਐੱਚਓ ਤੇ ਉਨ੍ਹਾਂ ਦੀ ਟੀਮ ਵੱਲੋਂ ਆਮ ਜਨਤਾ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨ ਦੀ ਸਿਰਫ਼ ਟਾਲਮਟੋਲ ਦੀ ਨੀਤੀ ਅਪਣਾ ਕੇ ਹੀ ਟਾਈਮ ਪਾਸ ਕੀਤਾ ਜਾ ਰਿਹਾ ਹੈ। ਜੰਝਘਰ ਵਿਖੇ ਹੋਈ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਉਕਤ ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਨਾਗੀ ਕੌਂਸਲਰ, ਸੋਨੂੰ ਅਰੋੜਾ, ਗੁਰਚਰਨ ਸਿੰਘ ਅਟਵਾਲ, ਵਿਕਰਮ ਗਿੱਲ ਮੰਢਾਲਾ, ਚਮਨ ਲਾਲ ਲੋਹੀਆਂ ਤੇ ਰਾਕੇਸ਼ ਰੋਸ਼ਨ ਵੱਲੋਂ ਦੱਸਿਆ ਗਿਆ ਕਿ ਸਾਰੇ ਸ਼ਹਿਰ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਚੋਰੀਆਂ ਹੋ ਰਹੀਆਂ ਹਨ, ਪਿੰਡਾਂ ’ਚ ਲੜਾਈ ਝਗੜੇ ਹੋ ਰਹੇ ਹਨ, ਅਪਰਾਧਿਕ ਬਿਰਤੀ ਦੇ ਲੋਕ ਖੁੱਲ੍ਹੇਆਮ ਫਿਰ ਰਹੇ ਹਨ ਤੇ ਸ਼ਰੇਆਮ ਜੂਏ ਦੇ ਸਟਾਲ ਲੱਗੇ ਹੋਏ ਹਨ। ਅਜਿਹੀ ਸਥਿਤੀ ਨੂੰ ਨਜਿੱਠਣ ਲਈ ਐੱਸਐੱਚਓ ਲੋਹੀਆਂ ਨੂੰ ਬੇਨਤੀ ਵੀ ਕੀਤੀ ਜਾ ਚੁੱਕੀ ਹੈ ਪਰ ਉਹ ਲਾਅਰੇਬਾਜ਼ੀ ਕਰ ਕੇ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਦਾ ਹੱਲ ਕਰਵਾਉਣ ਲਈ ਪਹਿਲੀ ਅਪ੍ਰੈਲ ਤੋਂ ਲੋਹੀਆਂ ਪੁਲਿਸ ਸਟੇਸ਼ਨ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ ਤੇ ਇਹ ਮੋਰਚਾ ਮਸਲੇ ਹੱਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਮੋਰਚੇ ਨੂੰ ਹੋਰ ਵੀ ਵਿਆਪਕ ਬਣਾਉਣ ਲਈ ਇਲਾਕੇ ਦੀਆਂ ਇਨਸਾਫ਼ ਪਸੰਦ ਧਿਰਾਂ ਤੇ ਆਮ ਜਨਤਾ ਤੱਕ ਸੰਪਰਕ ਮੁਹਿੰਮ ਚਲਾਈ ਜਾਵੇਗੀ।