ਸ਼੍ਰੀ ਗੌਰੀ ਸ਼ੰਕਰ ਮੰਦਰ ਰੋਡ ਤੋਂ ਗਰਡਰ ਹਟਾਉਣ ਗਈ ਨਿਗਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਅਮਰਦਾਸ ਨਗਰ ਸਥਿਤ ਪਾਰਦੇਸ਼ਵਰ ਸਿੱਧਪੀਠ ਸ਼੍ਰੀ ਗੌਰੀ ਸ਼ੰਕਰ ਮੰਦਰ ਰੋਡ ’ਤੇ ਗਾਰਡਰ ਲਾਉਣ ਦੇ ਮਾਮਲੇ ’ਚ ਟਕਰਾਅ ਦੀ ਸਥਿਤੀ ਬਣ ਗਈ ਹੈ। ਮੰਦਰ ਕਮੇਟੀ, ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਦੇ ਵਿਰੋਧ ’ਤੇ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੀ ਟੀਮ ਬੁੱਧਵਾਰ ਦੁਪਹਿਰ ਨੂੰ ਗਾਰਡਰ ਹਟਾਉਣ ਪਹੁੰਚੀ ਸੀ ਪਰ ਸੁਸਾਇਟੀ ਦੇ ਅਧਿਕਾਰੀਆਂ ਦੇ ਵਿਰੋਧ ਕਾਰਨ ਨਿਗਮ ਕਾਰਵਾਈ ਨਹੀਂ ਕਰ ਸਕਿਆ। ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਦੇ ਅਧਿਕਾਰੀਆਂ ਨੇ ਗਾਰਡਰ ਦੇ ਆਲੇ-ਦੁਆਲੇ ਆਪਣੀਆਂ ਕਾਰਾਂ ਖੜ੍ਹੀਆਂ ਕਰ ਦਿੱਤੀਆਂ, ਜਿਸ ਕਾਰਨ ਨਗਰ ਨਿਗਮ ਦੀ ਟੀਮ ਡਿਚ ਮਸ਼ੀਨਾਂ ਸਮੇਤ ਵਾਪਸ ਮੁੜ ਗਈ। ਹੁਣ ਨਗਰ ਨਿਗਮ ਵੀਰਵਾਰ ਨੂੰ ਪੁਲਿਸ ਬਲ ਦੇ ਨਾਲ ਦੁਬਾਰਾ ਕਾਰਵਾਈ ਕਰ ਸਕਦਾ ਹੈ। ਮੰਦਰ ਕਮੇਟੀ ਦੇ ਅਧਿਕਾਰੀਆਂ ਤੇ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਵਿਚਾਲੇ ਬੁੱਧਵਾਰ ਸ਼ਾਮ ਨੂੰ ਮੀਟਿੰਗ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਹੋ ਸਕੀ। ਹੁਣ ਇਹ ਮੀਟਿੰਗ ਵੀਰਵਾਰ ਸ਼ਾਮ ਲਈ ਰੱਖੀ ਗਈ ਹੈ। ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੰਗਲਵਾਰ ਨੂੰ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਨੇ ਸ਼੍ਰੀ ਗੌਰੀ ਸ਼ੰਕਰ ਮੰਦਰ ਦੇ ਨੇੜੇ ਗਾਰਡਰ ਲਗਾ ਦਿੱਤੇ। ਇਸ ਨਾਲ ਕਾਲੋਨੀ ’ਚ ਕਾਰਾਂ ਤੇ ਹੋਰ ਚਾਰ ਪਹੀਆ ਵਾਹਨਾਂ ਦੀ ਐਂਟਰੀ ਬੰਦ ਹੋ ਗਈ ਤੇ ਸਕੂਟਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ। ਇਹ ਗਾਰਡਰ ਹਾਦਸਿਆਂ ਦਾ ਕਾਰਨ ਵੀ ਬਣ ਸਕਦੇ ਹਨ।
ਆਵਾਜਾਈ ਪ੍ਰਭਾਵਿਤ ਹੋਣ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ, ਮੰਦਰ ਕਮੇਟੀ ਤੇ ਰਹਿਣ ਵਾਲਿਆਂ ਨੇ ਵਿਰੋਧ ਕੀਤਾ, ਜਿਸ ਨਾਲ ਟਕਰਾਅ ਦੀ ਸਥਿਤੀ ਬਣ ਗਈ। ਦੁਕਾਨਦਾਰਾਂ ਨੇ ਬਿਨਾਂ ਮਨਜ਼ੂਰੀ ਗਾਰਡਰ ਲਾ ਕੇ ਰਸਤਾ ਬੰਦ ਕਰਨ ਦੀ ਸ਼ਿਕਾਇਤ ਨਗਰ ਨਿਗਮ ਕੋਲ ਕੀਤੀ। ਗਾਰਡਰ ਲਗਣ ਨਾਲ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਵਿਰੋਧ ਤੇਜ਼ ਹੋ ਗਿਆ। ਵਾਰਡ ਦੇ ਕੌਂਸਲਰ ਆਸ਼ੂ ਸ਼ਰਮਾ ਨੇ ਵੀ ਇਸ ’ਤੇ ਇਤਜ਼ਾਰ ਪ੍ਰਗਟਾਇਆ ਸੀ।
--------------------------
ਸ਼ੋਭਾ ਯਾਤਰਾ ’ਚ ਪੈਦਾ ਹੋ ਸਕਦੀ ਹੈ ਰੁਕਾਵਟ
ਸ਼੍ਰੀ ਗੌਰੀ ਸ਼ੰਕਰ ਮੰਦਰ ਤੋਂ ਸਾਲ ’ਚ ਕਈ ਮਹੱਤਵਪੂਰਨ ਮੌਕਿਆਂ ’ਤੇ ਯਾਤਰਾਵਾਂ ਨਿਕਲਦੀਆਂ ਹਨ। ਹੁਣ ਸ਼੍ਰੀ ਰਾਮਨੌਮੀ ’ਤੇ ਵੀ ਸ਼ੋਭਾ ਯਾਤਰਾ ਕੱਢੀ ਜਾਣੀ ਹੈ। ਗਾਰਡਰ ਲੱਗਣ ਕਾਰਨ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਲ ਆ ਰਹੀ ਹੈ। ਮੰਦਰ ਕਮੇਟੀ ਦੇ ਪ੍ਰਧਾਨ ਜਤਿੰਦਰ ਮਹਾਜਨ, ਕਾਰਜਕਾਰੀ ਪ੍ਰਧਾਨ ਵਿਜੇ ਜੋਸ਼ੀ, ਐੱਸਕੇ ਮਿੱਤਲ ਤੇ ਰਾਮ ਕੁਮਾਰ ਵਸ਼ਿਸ਼ਠ ਨੇ ਕਿਹਾ ਕਿ ਲੋਕ ਪਰੇਸ਼ਾਨ ਹਨ ਤੇ ਸੜਕ ਬੰਦ ਹੋਣ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸੁਸਾਇਟੀ ਨਾਲ ਸਾਂਝੀ ਮੀਟਿੰਗ ਕਰਕੇ ਹੱਲ ਕੱਢਿਆ ਜਾਵੇਗਾ।
-----------------------
ਭਾਰੇ ਵਾਹਨਾਂ ਕਾਰਨ ਲਾਏ ਗਾਰਡਰ
ਗਾਰਡਰ ਲਾਉਣ ਵਾਲੀ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਵਿਕਾਸ ਸੇਠੀ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਗੱਲਬਾਤ ਨਾਲ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰੀ ਟ੍ਰੈਫਿਕ ਤੋਂ ਲੋਕਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ ਤੇ ਵਿਰੋਧ ਕਰਨ ਵਾਲਿਆਂ ਨਾਲ ਵੀਰਵਾਰ ਨੂੰ ਮੀਟਿੰਗ ਕਰਕੇ ਸਹਿਮਤੀ ਨਾਲ ਹੱਲ ਕੱਢਿਆ ਜਾਵੇਗਾ।
-------------------------
ਪੁਲਿਸ ਬਲ ਨਾਲ ਭੇਜੀ ਜਾਵੇਗੀ ਟੀਮ : ਧਵਨ
ਨਗਰ ਨਿਗਮ ਦੇ ਐੱਸਈ ਬੀ ਐਂਡ ਆਰ ਰਾਹੁਲ ਧਵਨ ਨੇ ਕਿਹਾ ਕਿ ਲੋਕਾਂ ਦੀ ਸ਼ਿਕਾਇਤ ’ਤੇ ਗਾਰਡਰ ਹਟਾਉਣ ਲਈ ਡਿਚ ਮਸ਼ੀਨ ਨਾਲ ਟੀਮ ਭੇਜੀ ਗਈ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਹੁਣ ਵੀਰਵਾਰ ਨੂੰ ਟੀਮ ਪੁਲਿਸ ਬਲ ਦੇ ਨਾਲ ਭੇਜੀ ਜਾਵੇਗੀ ਤਾਂ ਜੋ ਕਾਰਵਾਈ ’ਚ ਕੋਈ ਰੁਕਾਵਟ ਨਾ ਆਵੇ। ਗਾਰਡਰ ਲਾਉਣਾ ਪੂਰੀ ਤਰ੍ਹਾਂ ਗਲਤ ਹੈ ਤੇ ਨਗਰ ਨਿਗਮ ਇਸ ਤਰ੍ਹਾਂ ਦੇ ਕੰਮਾਂ ਲਈ ਮਨਜ਼ੂਰੀ ਨਹੀਂ ਦਿੰਦਾ।