ਜਲੰਧਰ ’ਚ ਅਮਰੀਕੀ ਸਾਮਰਾਜ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਜਲੰਧਰ ਵਿਖੇ ਅਮਰੀਕੀ ਸਾਮਰਾਜ ਖਿਲਾਫ ਰੋਸ ਮੁਜ਼ਾਹਰਾ
Publish Date: Sun, 04 Jan 2026 07:07 PM (IST)
Updated Date: Mon, 05 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਅਮਰੀਕੀ ਸਾਮਰਾਜ ਖਿਲਾਫ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਪਾਰਟੀ ਦੇ ਜਨ. ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਇਹ ਮੁਜ਼ਾਹਰਾ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਬੀਐੱਮਸੀ ਚੌਕ ਤੱਕ ਕੀਤਾ ਗਿਆ। ਮੁਜ਼ਾਹਰੇ ਦਾ ਮਕਸਦ ਅਮਰੀਕੀ ਹਮਲੇ ਦੀ ਨਿੰਦਾ ਕਰਨਾ ਸੀ, ਜਿਸ ’ਚ ਵੇਨਜ਼ੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਤੇ ਉਸ ਦੇ ਪਰਿਵਾਰ ਨੂੰ ਖ਼ਤਰੇ ’ਚ ਪਾਉਣ ਦੀ ਨੀਤੀ ਸ਼ਾਮਲ ਸੀ। ਪਾਸਲਾ ਤੇ ਜਾਮਾਰਾਏ ਨੇ ਦੱਸਿਆ ਕਿ ਵੇਨਜ਼ੁਏਲਾ ਦੇ ਰਾਸ਼ਟਰਪਤੀ ਤੇ ਉਸ ਦੇ ਪਰਿਵਾਰ ’ਤੇ ਨਸ਼ਾ ਤਸਕਰੀ ਦਾ ਝੂਠਾ ਦੋਸ਼ ਲਾ ਕੇ ਹਮਲਾ ਕੀਤਾ ਗਿਆ, ਜੋ ਦੇਸ਼ ਦੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਅਮਰੀਕੀ ਚਿਰੋਮਨੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਸੰਯੁਕਤ ਰਾਸ਼ਟਰ ਦੇ ਚਾਰਟਰ ਤੇ ਕੌਮਾਂਤਰੀ ਸੰਧੀਆਂ ਦੀ ਖ਼ੁੱਲ੍ਹੀ ਉਲੰਘਣਾ ਹੈ। ਪਾਸਲਾ ਤੇ ਜਾਮਾਰਾਏ ਨੇ ਚੇਤਾਵਨੀ ਦਿੱਤੀ ਕਿ ਅਮਨ ਪਸੰਦ ਲੋਕਾਂ ਨੂੰ ਅਮਰੀਕੀ ਧੌਂਸ ਖਿਲਾਫ਼ ਜ਼ਬਰਦਸਤ ਪ੍ਰਤੀਰੋਧ ਅੱਗੇ ਵਧਾਉਣਾ ਚਾਹੀਦਾ ਹੈ। ਮੁਜ਼ਾਹਰੇ ’ਚ ਨਾਮਵਰ ਬੁੱਧੀਜੀਵੀ ਸਤਨਾਮ ਚਾਨਾ, ਡਾ. ਤੇਜਿੰਦਰ ਵਿਰਲੀ ਤੇ ਦੇਵ ਰਾਜ ਨਈਅਰ ਵੀ ਸ਼ਾਮਲ ਸਨ। ਹਜ਼ਾਰਾਂ ਸ਼ਿਰਕਤਕਾਰਾਂ ਨੇ ਆਕਾਸ਼ਗੂੰਜ ਨਾਰਿਆਂ ਰਾਹੀਂ ਅਮਰੀਕੀ ਫੌਜਾਂ ਦੀ ਵੈਨਜ਼ੁਏਲਾ ਤੋਂ ਫੌਰੀ ਰੁਖਸਤਗੀ ਤੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਦੀ ਸੁਰੱਖਿਆ ਦੀ ਮੰਗ ਕੀਤੀ। ਇਸ ਮੌਕੇ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਨਾ, ਗੁਰਦਰਸ਼ਨ ਬੀਕਾ, ਹਰੀਮੁਨੀ ਸਿੰਘ ਤੇ ਬਲਦੇਵ ਸਿੰਘ ਨੂਰਪੁਰੀ ਵੀ ਮੌਜੂਦ ਸਨ।