ਟੈਕਸ ਇੰਸਪੈਕਟਰ ਹਰ ਮਹੀਨੇ 150 ਨਵੀਆਂ ਪ੍ਰਾਪਰਟੀਆਂ ਦਰਜ ਕਰਨ, ਮੇਅਰ

ਰਾਮਾ ਮੰਡੀ ਤੋਂ ਡੀਏਵੀ ਕਾਲਜ ਤਕ ਕੋਈ ਰੇਹੜੀ ਨਹੀਂ ਲੱਗੇਗੀ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਆਮਦਨੀ ਵਧਾਉਣ ਤੇ ਸਟਾਫ ਦੀ ਕਾਰਜਪ੍ਰਣਾਲੀ ਨੂੰ ਯਕੀਨੀ ਬਨਾਉਣ ਲਈ ਸਖਤੀ ਸ਼ੁਰੂ ਕੀਤੀ ਜਾਵੇਗੀ। ਵੀਰਵਾਰ ਨੂੰ ਮੇਅਰ ਵਨੀਤ ਧੀਰ ਨੇ ਪ੍ਰਾਪਰਟੀ ਟੈਕਸ ਅਤੇ ਤਹਿ ਬਜ਼ਾਰੀ ਬਰਾਂਚਾਂ ਦੀ ਵੱਖ ਵੱਖ ਮੀਟਿੰਗਾਂ ਕੀਤੀਆਂ ਤੇ ਉਨ੍ਹਾਂ ਨੂੰ ਸਾਲ 2026-27 ਦੇ ਬਜਟ ਟੀਚੇ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਮੀਟਿੰਗ ’ਚ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ , ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਤੇ ਇੰਸਪੈਕਟਰ ਆਦਿ ਸ਼ਾਮਲ ਹੋਏ।
---
ਕੰਮ ਨਾ ਕਰਨ ਵਾਲਿਆਂ ਦਾ ਹੋਵੇਗਾ ਤਬਾਦਲਾ
ਮੇਅਰ ਨੇ ਮੀਟਿੰਗ ਦੌਰਾਨ ਜਿਥੇ ਹਰ ਇੰਸਪੈਕਟਰ ਨੂੰ ਹਰ ਮਹੀਨੇ 150 ਨਵੀਆਂ ਪ੍ਰਾਪਰਟੀਆਂ ਦਾ ਪਤਾ ਲਗਾ ਕੇ ਟੈਕਸ ਵਸੂਲੀ ਕਰੇਗਾ ਤੇ ਜਿਹੜਾ ਕੰਮ ’ਚ ਕੋਤਾਹੀ ਕਰੇਗਾ, ਉਸ ਦਾ ਤਬਾਦਲਾ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਸਾਲ 21026-27 ਦਾ 80 ਕਰੋੜ ਦਾ ਬੁਜਟ ਟੀਚਾ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਤਿਆਰੀ ਕਰ ਦਿੱਤੀ ਜਾਵੇ। ਇਸ ਤਰ੍ਹਾਂ ਹਰ ਇੰਸਪੈਕਟਰ ਰੋਜ਼ਾਨਾ 5 ਨਵੀਆਂ ਪ੍ਰਾਪਰਟੀਆਂ ਦਾ ਪਤਾ ਲਾਏਗਾ।
---
ਕਮਰਸ਼ੀਅਲ ਅਦਾਰਿਆਂ ਦੀ ਹੋਵੇਗੀ ਪੈਮਾਇਸ਼
ਮੀਟਿੰਗ ’ਚ ਇੰਸਪੈਕਟਰਾਂ ਨੂੰ ਕਮਰਸ਼ੀਅਲ ਅਦਾਰਿਆਂ ਦੀ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ ਤੇ ਰਿਪੋਰਟ ਦੇ ਆਧਾਰ ’ਤੇ ਕਮਰਸ਼ੀਅਲ ਅਦਾਰਿਆਂ ਦੀ ਪੈਮਾਇਸ਼ ਕੀਤੀ ਜਾਏਗੀ। ਇਸ ਰਾਹੀਂ ਇਹ ਪਤਾ ਚੱਲ ਸਕੇ ਕਿ ਕਿਸ ਅਦਾਰੇ ਨੇ ਆਪਣੀ ਪੈਮਾਇਸ਼ ਘਟ ਦਰਜ ਕਰਵਾਈ ਹੈ ਤਾਂ ਜੋ ਉਸ ਨੂੰ ਜੁਰਮਾਨਾ ਕਰਨ ਦੇ ਨਾਲ ਨਾਲ ਪਿਛਲੇ ਸਮੇ ਦੀ ਟੈਕਸ ਵਸੂਲੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਘਟ ਪੈਮਾਇਸ਼ ਦਰਜ ਕਰਨ ਵਾਲੇ ਨਿਗਮ ਕਰਮਚਾਰੀ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ।
---
ਰਾਮਾ ਮੰਡੀ ਤੋਂ ਡੀਏਵੀ ਕਾਲਜ ਤਕ ਨੋ ਵੈਂਡਿੰਗ ਜ਼ੋਨ
ਨਗਰ ਨਿਗਮ ਦੀ ਤਹਿ ਬਾਜ਼ਾਰੀ ਦੀ ਮੀਟਿੰਗ ਦੌਰਾਨ ਮੇਅਰ ਵਨੀਤ ਧੀਰ, ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ, ਸੁਪਰਡੈਂਟ ਮਨਦੀਪ ਸਿੰਘ ਅਤੇ ਇੰਸਪੈਕਟਰ ਸ਼ਾਮਲ ਹੋਏ। ਮੀਟਿੰਗ ’ਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਕੀਤਾ ਗਿਆ ਕਿ ਰਾਮਾ ਮੰਡੀ ਤੋਂ ਡੀਏਵੀ ਕਾਲਜ, ਬੀਐੱਮਸੀ ਚੌਕ ਤੋਂ ਨਾਮ ਦੇਵ ਚੌਕ, ਨਾਮ ਦੇਵ ਚੌਕ ਤੋਂ ਸਕਾਈਲਾਰਕ ਚੌਕ ਤਕ ਨੋ ਵੈਂਡਿੰਗ ਜ਼ੋਨ ਹੋਵੇਗਾ ਤੇ ਉਕਤ ਸੜਕਾਂ ਤੇ ਕੋਈ ਵੀ ਰੇਹੜੀ ਨਹੀਂ ਲੱਗਣ ਦਿੱਤੀ ਜਾਵੇਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਟ੍ਰੈਫਿਕ ਸਮੱਸਿਆ ਪੈਦਾ ਨਾ ਹੋਵੇ ਅਤੇ ਆਵਾਜਾਈ ਆਸਾਨ ਹੋ ਸਕੇ। ਇਸ ਤੋਂ ਇਲਾਵਾ ਤਹਿ ਬਾਜ਼ਾਰੀ ਨੂੰ ਵੀ ਬਜਟ ਟੀਚਾ ਪੂਰਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰਨ ਦੀ ਹਦਾਇਤ ਕੀਤੀ ਗਈ ਹੈ।
---
ਨਵੀਆਂ ਰੇਹੜੀਆਂ ’ਤੇ ਪਲੇਟਾਂ ਲਾਉਣ ਲਈ ਹੋਵੇਗਾ ਠੇਕਾ
ਨਗਰ ਨਿਗਮ ਨਵੀਆਂ ਰੇਹੜੀਆਂ ਨੂੰ ਪਲੇਟਾਂ ਲਾਉਣ ਲਈ ਇਕ ਕੰਪਨੀ ਨੂੰ ਠੇਕਾ ਦੇਣ ਜਾ ਰਹੀ ਹੈ ਤੇ ਕੰਪਨੀ ਨਵੀਆਂ ਰੇਹੜੀਆਂ ਦਾ ਸਰਵੇ ਕਰਕੇ ਉਨ੍ਹਾਂ ਤੇ ਨਗਰ ਨਿਗਮ ਦੀਆਂ ਟੈਕਸ ਪਲੇਟਾਂ ਲਾਏਗੀ। ਵਰਨਣਯੋਗ ਹੈ ਕਿ ਹੁਣ ਤਕ ਨਗਰ ਨਿਗਮ ਪਾਸ 4400 ਰੇਹੜੀਆਂ ਦੀਆਂ ਪਲੇਟਾਂ ਲਾ ਕੇ ਉਨ੍ਹਾ ਨੂੰ ਰਜਿਸਟਰ ਕਰਨ ਦਾ ਰਿਕਾਰਡ ਦਰਜ ਹੈ।