ਪ੍ਰਾਪਰਟੀ ਟੈਕਸ ਬ੍ਰਾਂਚ ਨੇ ਕਾਰੋਬਾਰੀ ਅਦਾਰਿਆਂ ਦੀ ਕੀਤੀ ਜਾਂਚ
ਪ੍ਰਾਪਰਟੀ ਟੈਕਸ ਬਰਾਂਚ ਨੇ ਕਾਰੋਬਾਰੀ ਅਦਾਰਿਆਂ ਦੇ ਰਕਬੇ ਦੀ ਕੀਤੀ ਜਾਂਚ
Publish Date: Thu, 19 Mar 2026 07:22 PM (IST)
Updated Date: Thu, 19 Mar 2026 07:25 PM (IST)
-ਨਿਗਮ ਨੇ ਵਾਟਰ ਸਪਲਾਈ ਦੇ 1.40 ਲੱਖ ਰੁਪਏ ਦੀ ਕੀਤੀ ਵਸੂਲੀ, 3 ਕੁਨੈਕਸ਼ਨ ਕੱਟੇ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਪ੍ਰਾਪਰਟੀ ਟੈਕਸ ਬ੍ਰਾਂਚ ਨੇ ਬਜਟ ਟੀਚੇ ’ਤੇ ਪੁੱਜਣ ਲਈ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਅਦਾਰਿਆਂ ਤੇ ਸ਼ੋਅਰੂਮ ਦੀ ਚੈਕਿੰਗ ਕੀਤੀ ਤੇ ਟੈਕਸ ਵਸੂਲੀ ਲਈ ਚਲਾਈ ਗਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਵੀਰਵਾਰ ਨੂੰ ਪ੍ਰਾਪਰਟੀ ਟੈਕਸ ਸੁਪਰਡੈਂਟਾਂ ਮਹੀਪ ਸਰੀਨ, ਰਾਜੀਵ ਰਿਸ਼਼ੀ ਤੇ ਭੁਪਿੰਦਰ ਸਿੰਘ ਬੜਿੰਗ ਨੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਅਦਾਰਿਆਂ ਦੇ ਰਕਬੇ ਤੇ ਟੈਕਸ ਦੀ ਅਦਾਇਗੀ ਦੀ ਚੈਕਿੰਗ ਕੀਤੀ। ਇਹ ਚੈਕਿੰਗ ਰਕਬਾ ਵੱਧ ਹੋਣ ਤੇ ਘੱਟ ਟੈਕਸ ਭਰਨ ਵਾਲੇ ਅਦਾਰਿਆਂ ਦੀ ਹੋਈ ਹੈ। ਜਾਂਚ ਦੌਰਾਨ ਜਿਹੜਾ ਵੀ ਕਾਰੋਬਾਰੀ ਅਦਾਰਾ ਘੱਟ ਟੈਕਸ ਭਰਦਾ ਪਾਇਆ ਗਿਆ ਤਾਂ ਉਸ ਨੂੰ 100 ਫੀਸਦੀ ਜੁਰਮਾਨਾ ਕਰਕੇ ਟੈਕਸ ਵਸੂਲੀ ਕੀਤੀ ਜਾਵੇਗੀ।
---------------------
49 ਕਰੋੜ ਦੀ ਵਸੂਲੀ
ਪ੍ਰਾਪਰਟੀ ਟੈਕਸ ਬ੍ਰਾਂਚ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਹੁਣ ਤੱਕ 49 ਕਰੋੜ ਰੁਪਏ ਦੀ ਟੈਕਸ ਵਸੂਲੀ ਹੋ ਚੁੱਕੀ ਹੈ ਤੇ ਬਜਟ ਟੀਚਾ 75 ਕਰੋੜ ਦਾ ਰੱਖਿਆ ਗਿਆ ਹੈ ਜਿਹੜਾ ਕਿ 31 ਮਾਰਚ ਤਕ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਕਤ ਟੈਕਸ ਸੁਪਰਡੈਟਾਂ ਨੇ ਟੈਕਸ ਦਾਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ 31 ਮਾਰਚ ਤੱਕ ਆਪਣਾ ਟੈਕਸ ਜਮ੍ਹਾਂ ਕਰਾਉਣ ਨਹੀਂ ਤਾਂ ਪਹਿਲੀ ਅਪ੍ਰੈਲ ਤੋਂ ਟੈਕਸ ਜਮ੍ਹਾਂ ਕਰਵਾਉਣ ’ਤੇ 20 ਫੀਸਦੀ ਜੁਰਮਾਨਾ ਤੇ 18 ਫੀਸਦੀ ਵਿਆਜ ਵੀ ਟੈਕਸ ਅਦਾ ਕਰਨ ਵੇਲੇ ਦੇਣਾ ਪਵੇਗਾ।
-------------------
ਪਾਣੀ ਦੇ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਦੀ ਅਪੀਲ
ਇਸ ਦੌਰਾਨ ਨਗਰ ਨਿਗਮ ਦੀ ਵਾਟਰ ਸਪਲਾਈ ਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਲਈ 6 ਨੰਬਰ ਜ਼ੋਨ ਦੇ ਮਾਡਲ ਟਾਊਨ ਦੇ ਇਲਾਕੇ ’ਚ ਜਿਥੇ ਬਿੱਲ ਡਿਫਾਲਟਰਾਂ ਤੋਂ 1.40 ਲੱਖ ਰੁਪਏ ਦੀ ਵਸੂਲੀ ਕੀਤੀ ਉਥੇ 3 ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਗਏ। ਇਹ ਕਾਰਵਾਈ ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ, ਸੁਪਰਡੈਂਟ ਹਰਪ੍ਰੀਤ ਵਾਲੀਆ ਤੇ ਇੰਸਪੈਕਟਰ ਅਵਨੀਤ ਤੇ ਸੁਨੀਲ ਨੇ ਸਾਂਝੇ ਤੌਰ ’ਤੇ ਕੀਤੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਤੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਕਰਕੇ ਕੁਨੈਕਸ਼ਨ ਕੱਟੇ ਜਾਣ ਤੋਂ ਬਚਾਅ ਕਰਨ।