- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਜ ਦੀ ਪ੍ਰਧਾਨਗੀ ਦੀ ਰੰਜਿਸ਼ ’ਚ ਪ੍ਰਾਪਰਟੀ ਡੀਲਰ ਤੇ ਫਾਇਨੈਂਸਰ ਲੱਕੀ ਓਬਰਾਏ ਦੀ 10 ਗੋਲੀਆਂ ਮਾਰ ਕੇ ਹੱਤਿਆ

-ਜੋਗਾ ਫੋਲੜੀਵਾਲ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ
-ਮੂੰਹ ਢੱਕ ਕੇ ਆਏ ਹਮਲਾਵਰ ਨੇ ਦੋਵੇਂ ਹੱਥਾਂ ਨਾਲ ਚਲਾਈਆਂ ਗੋਲੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਲਗਪਗ ਅੱਠ ਮਹੀਨੇ ਦੀ ਰੰਜਿਸ਼ ਕਾਰਨ ਪ੍ਰਾਪਰਟੀ ਡੀਲਰ ਤੇ ਫਾਇਨੈਂਸਰ ਲੱਕੀ ਓਬਰਾਏ ਦੀ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਗੁਰਦੁਆਰਾ ਸਾਹਿਬ ਦੇ ਬਾਹਰ 8 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੀਟੀਬੀ ਨਗਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਤੇ ਫਾਇਨੈਂਸਰ ਸਤਵਿੰਦਰ ਪਾਲ ਸਿੰਘ ਉਰਫ਼ ਲੱਕੀ ਓਬਰਾਏ ਦੀ ਹੱਤਿਆ ਨੂੰ ਲਗਪਗ ਅੱਠ ਮਹੀਨੇ ਪਹਿਲਾਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਤੋਂ ਕੁਝ ਘੰਟਿਆਂ ਬਾਅਦ ਵਿਦੇਸ਼ ’ਚ ਬੈਠੇ ਜੋਗਾ ਫੋਲੜੀਵਾਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ ਹੱਤਿਆ ਨਿੱਜੀ ਰੰਜਿਸ਼ ਤੇ ਕਾਲਜ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਕੀਤੀ ਗਈ ਹੈ। ਉੱਥੇ ਹੀ ਦੇਰ ਸ਼ਾਮ ਪੁਲਿਸ ਨੇ ਇਸ ਮਾਮਲੇ ’ਚ ਲੱਕੀ ਓਬਰਾਏ ਦੇ ਭਰਾ ਦਮਨਦੀਪ ਸਿੰਘ ਦੇ ਬਿਆਨਾਂ ’ਤੇ ਐੱਫਆਈਆਰ ਦਰਜ ਕਰ ਲਈ ਹੈ। ਦਮਨਦੀਪ ਸਿੰਘ ਨੇ ਹੱਤਿਆ ਲਈ ਜੋਗਾ ਫੋਲੜੀਵਾਲ ਤੇ ਗੈਂਗਸਟਰ ਦਲਵੀਰਾ ’ਤੇ ਹੱਤਿਆ ਕਰਵਾਉਣ ਦੇ ਦੋਸ਼ ਲਾਏ ਹਨ। ਵਾਰਦਾਤ ਸਵੇਰੇ ਕਰੀਬ ਸਵਾ ਸੱਤ ਵਜੇ ਹੋਈ। ਸਕੂਟਰ ’ਤੇ ਆਏ ਦੋ ਹਮਲਾਵਰਾਂ ਨੇ ਥਾਰ ਗੱਡੀ ’ਚ ਬੈਠੇ 53 ਸਾਲਾ ਲੱਕੀ ਓਬਰਾਏ ’ਤੇ ਤਾਬੜਤੋੜ ਗੋਲੀਆਂ ਚਲਾਈਆਂ। ਹਮਲਾਵਰਾਂ ਨੇ ਲਗਪਗ 12 ਤੋਂ 15 ਗੋਲੀਆਂ ਚਲਾਈਆਂ। ਇਨ੍ਹਾਂ ’ਚੋਂ ਪੰਜ ਗੋਲੀਆਂ ਛਾਤੀ, ਦੋ ਗਰਦਨ ਤੇ ਇਕ ਸਿਰ ’ਚ ਲੱਗੀ। ਗੰਭੀਰ ਜ਼ਖ਼ਮੀ ਹਾਲਤ ’ਚ ਲੱਕੀ ਓਬਰਾਏ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ .30 ਐੱਮਐੱਮ ਪਿਸਤੌਲ ਨਾਲ ਚਲਾਈਆਂ ਗਈਆਂ।
------------------------
ਲੱਕੀ ਓਬਰਾਏ ਦੀ ਚਾਰ ਦਿਨਾਂ ਤੋਂ ਕੀਤੀ ਜਾ ਰਹੀ ਸੀ ਰੇਕੀ
ਲੱਕੀ ਓਬਰਾਏ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦਾ ਸੀ। ਹਮਲਾਵਰਾਂ ਨੇ ਉਸ ਦੀ ਚਾਰ ਦਿਨਾਂ ਤੋਂ ਰੇਕੀ ਕੀਤੀ ਹੋਈ ਸੀ ਕਿ ਉਹ ਕਿਹੜੇ ਸਮੇਂ ਆਉਂਦਾ ਹੈ ਤੇ ਉਸ ਨਾਲ ਕੌਣ ਹੁੰਦਾ ਹੈ। ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਗਲੀ ’ਚ ਆਪਣਾ ਸਕੂਟਰ ਖੜ੍ਹਾ ਕੀਤਾ ਤੇ ਇਕ ਨੌਜਵਾਨ ਪੈਦਲ ਚੱਲ ਕੇ ਗੱਡੀ ਨੇੜੇ ਪੁੱਜਾ। ਹਮਲਾਵਰ ਕੋਲ ਦੋ ਪਿਸਤੌਲ ਸਨ ਤੇ ਉਸ ਨੇ ਦੋਵੇਂ ਹੱਥਾਂ ਨਾਲ ਲੱਕੀ ਓਬਰਾਏ ’ਤੇ ਗੋਲੀਆਂ ਚਲਾਈਆਂ। ਹੱਤਿਆ ਤੋਂ ਬਾਅਦ ਦੋਵੇਂ ਹਮਲਾਵਰ ਵਾਪਸ ਗਲੀ ’ਚ ਗਏ ਤੇ ਸਕੂਟਰ ’ਤੇ ਫਰਾਰ ਹੋ ਗਏ।
----------------------
ਫੇਸਬੁੱਕ ’ਤੇ ਲੱਕੀ ਨੂੰ ਮਿਲ ਰਹੀਆਂ ਸਨ ਲਗਾਤਾਰ ਧਮਕੀਆਂ
ਲੱਕੀ ਓਬਰਾਏ ਨੂੰ ਫੇਸਬੁੱਕ ਰਾਹੀਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸਾਰਾ ਮਾਮਲਾ ਇਕ ਕਾਲਜ ਦੀ ਪ੍ਰਧਾਨਗੀ ਨਾਲ ਜੁੜਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਧਾਨਗੀ ਨੂੰ ਲੈ ਕੇ ਸ਼ੇਰੂ ਤੇ ਨਛੱਤਰ ਗਰੁੱਪ ਵੱਲੋਂ ਕਾਲਜ ਦਾ ਪ੍ਰਧਾਨ ਖੜ੍ਹਾ ਕੀਤਾ ਜਾਂਦਾ ਸੀ। ਲਗਪਗ ਅੱਠ ਮਹੀਨੇ ਪਹਿਲਾਂ ਵੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਸ਼ੇਰੂ ਗਰੁੱਪ ਵੱਲੋਂ ਇਕ ਉਮੀਦਵਾਰ ਖੜ੍ਹਾ ਕੀਤਾ ਗਿਆ ਸੀ ਪਰ ਦੂਜੇ ਪਾਸੇ ਤੋਂ ਲੱਕੀ ਓਬਰਾਏ ਨੇ ਲਵ ਨਾਂ ਦੇ ਨੌਜਵਾਨ ਨੂੰ ਪ੍ਰਧਾਨ ਬਣਵਾ ਦਿੱਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ’ਚ ਰੰਜਿਸ਼ ਵਧ ਗਈ ਤੇ ਫੇਸਬੁੱਕ ’ਤੇ ਲੱਕੀ ਓਬਰਾਏ ਨੂੰ ਲਗਾਤਾਰ ਧਮਕੀਆਂ ਮਿਲਣ ਲੱਗ ਪਈਆਂ। ਧਮਕੀਆਂ ਦੇਣ ਵਾਲਿਆਂ ’ਚ ਜੱਸ ਬੁੱਟਰ, ਸੋਨੂ ਸੈਣੀ ਤੇ ਬੁੱਧੂ ਲੋਹਾਰਾ ਦੇ ਨਾਮ ਸਾਹਮਣੇ ਆ ਰਹੇ ਸਨ, ਜੋ ਫੇਸਬੁੱਕ ’ਤੇ ਲਗਾਤਾਰ ਲਿਖ ਰਹੇ ਸਨ ਕਿ ਕਾਲਜ ਦੀ ਪ੍ਰਧਾਨਗੀ ਉਨ੍ਹਾਂ ਦੇ ਨਾਮ ’ਤੇ ਹੈ।
-------------------------
ਪੁਲਿਸ ਜਾਂਚ ’ਚ ਸਾਹਮਣੇ ਆਏ ਤਿੰਨ ਪੱਖ
ਪੁਲਿਸ ਨੂੰ ਸ਼ੱਕ ਹੈ ਕਿ ਇਹ ਵਾਰਦਾਤ ਪੂਰੀ ਯੋਜਨਾ ਤਹਿਤ ਅੰਜਾਮ ਦਿੱਤੀ ਗਈ। ਹਮਲਾਵਰਾਂ ਨੂੰ ਪੂਰੀ ਜਾਣਕਾਰੀ ਸੀ ਕਿ ਲੱਕੀ ਓਬਰਾਏ ਰੋਜ਼ ਸਵੇਰੇ ਗੁਰਦੁਆਰੇ ਆਉਂਦੇ ਹਨ ਤੇ ਕਿਹੜੀ ਗੱਡੀ ਨਾਲ ਆਉਂਦੇ-ਜਾਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਦੇ ਸਾਹਮਣੇ ਤਿੰਨ ਪੱਖ ਸਾਹਮਣੇ ਆਏ ਹਨ।
-----------------------
ਥਾਰ ’ਚ ਬੈਠਣ ਤੱਕ ਕੀਤਾ ਇੰਤਜ਼ਾਰ
ਜਾਂਚ ’ਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਗੁਰਦੁਆਰੇ ਦੇ ਬਾਹਰ ਉਸ ਸਮੇਂ ਤੱਕ ਇੰਤਜ਼ਾਰ ਕੀਤਾ, ਜਦੋਂ ਤੱਕ ਲੱਕੀ ਓਬਰਾਏ ਆਪਣੀ ਥਾਰ ਗੱਡੀ ’ਚ ਨਹੀਂ ਬੈਠ ਗਏ। ਪੁਲਿਸ ਦਾ ਮੰਨਣਾ ਹੈ ਕਿ ਜੇ ਬਾਹਰ ਹੀ ਫਾਇਰਿੰਗ ਹੋ ਜਾਂਦੀ ਤਾਂ ਲੱਕੀ ਦੇ ਬਚ ਨਿਕਲਣ ਦੀ ਸੰਭਾਵਨਾ ਰਹਿੰਦੀ, ਪਰ ਗੱਡੀ ’ਚ ਬੈਠਣ ਤੋਂ ਬਾਅਦ ਉਨ੍ਹਾਂ ਦੇ ਬਚਣ ਦੇ ਮੌਕੇ ਘੱਟ ਹੋ ਗਏ।
------------------------
ਗੈਂਗਸਟਰ ਸਟਾਈਲ ’ਚ ਅੰਜਾਮ ਦਿੱਤੀ ਗਈ ਵਾਰਦਾਤ
ਪੁਲਿਸ ਨੂੰ ਸ਼ੱਕ ਹੈ ਕਿ ਇਹ ਵਾਰਦਾਤ ਇਕ ਟਾਰਗੇਟ ਕਿਲਿੰਗ ਹੋ ਸਕਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਦਾ ਢੰਗ ਪੂਰੀ ਤਰ੍ਹਾਂ ਪੇਸ਼ੇਵਰ ਮੁਲਜ਼ਮਾਂ ਵਰਗਾ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਨੇ ਫਰਾਰ ਹੋਣ ਦਾ ਰਸਤਾ ਵੀ ਪਹਿਲਾਂ ਤੋਂ ਹੀ ਤੈਅ ਕੀਤਾ ਹੋਇਆ ਸੀ।
---------------------
ਹੱਤਿਆ ਦੇ ਮੌਕੇ ’ਤੇ ਮੌਜੂਦ ਸਨ ਤਿੰਨ ਸ਼ੱਕੀ
ਜਿਸ ਸਮੇਂ ਲੱਕੀ ਓਬਰਾਏ ਦੀ ਹੱਤਿਆ ਕੀਤੀ ਗਈ, ਉਸ ਵੇਲੇ ਗੋਲੀ ਚਲਾਉਣ ਵਾਲਾ ਮੁਲਜ਼ਮ ਨੇੜੇ ਖੜ੍ਹੇ ਸਕੂਟਰ ਸਵਾਰ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ। ਸੀਸੀਟੀਵੀ ਕੈਮਰਿਆਂ ’ਚ ਤਿੰਨ ਹੋਰ ਸ਼ੱਕੀ ਵੀ ਨਜ਼ਰ ਆਏ ਹਨ, ਜੋ ਹੱਤਿਆ ਸਮੇਂ ਮੌਕੇ ’ਤੇ ਮੌਜੂਦ ਰਹੇ ਤੇ ਵਾਰਦਾਤ ਤੋਂ ਬਾਅਦ ਸਾਰਾ ਮੰਜਰ ਦੇਖ ਕੇ ਉਥੋਂ ਨਿਕਲ ਗਏ।
--------------------
ਰਾਜਨੀਤਕ ਤੇ ਪਰਿਵਾਰਕ ਪਿਛੋਕੜ
ਲੱਕੀ ਓਬਰਾਏ ਜਲੰਧਰ ਕੈਂਟ ਹਲਕੇ ਦੇ ਇੰਚਾਰਜ ਰਹਿ ਚੁੱਕੇ ਸਨ ਤੇ ਪਾਰਟੀ ’ਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ, ਦੋ ਧੀਆਂ, ਇਕ ਪੁੱਤਰ, ਮਾਤਾ ਤੇ ਦੋ ਭਰਾ ਹਨ। ਉਨ੍ਹਾਂ ਦੀ ਪਤਨੀ ਸਿਮਰਨ ਵੀ ਰਾਜਨੀਤੀ ’ਚ ਸਰਗਰਮ ਰਹੀ ਹੈ ਤੇ ਜੀਟੀਬੀ ਨਗਰ ਤੋਂ ਕੌਂਸਲਰ ਦੀ ਚੋਣ ਵੀ ਲੜ ਚੁੱਕੀ ਹੈ, ਹਾਲਾਂਕਿ ਉਸਨੂੰ ਸਫਲਤਾ ਨਹੀਂ ਮਿਲੀ।
---------------------
ਕਦੋਂ ਕੀ ਹੋਇਆ................
ਗੁਰਦੁਆਰੇ ਤੋਂ ਵਾਪਸੀ ਸਮੇਂ ਸਵੇਰੇ 7.15 ਵਜੇ ਹਮਲਾ
5 ਗੋਲ਼ੀਆਂ ਛਾਤੀ ’ਚ, 2 ਗਰਦਨ ’ਤੇ, 1 ਸਿਰ ’ਚ, 2 ਬਾਹਾਂ ’ਤੇ ਲੱਗੀਆਂ
ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ
ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ, ਤਿੰਨ ਟੀਮਾਂ ਬਣਾਈਆਂ ਗਈਆਂ
ਪੁਲਿਸ ਨੂੰ ਟਾਰਗੇਟ ਕਿਲਿੰਗ ਦਾ ਸ਼ੱਕ
---------------------
ਭਰਾ ਦੇ ਬਿਆਨਾਂ ’ਤੇ ਐੱਫਆਈਆਰ ਦਰਜ
ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਬਾਹਰ 6 ਫਰਵਰੀ 2026 ਦੀ ਸਵੇਰ ਹੋਈ ਫਾਇਰਿੰਗ ’ਚ ਆਪ ਆਗੂ ਸਤਵਿੰਦਰ ਪਾਲ ਸਿੰਘ ਉਰਫ਼ ਲੱਕੀ ਓਬਰਾਏ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਉਨ੍ਹਾਂ ਦੇ ਭਰਾ ਦਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕਰ ਲਈ ਹੈ। ਦਮਨਦੀਪ ਸਿੰਘ, ਨਿਵਾਸੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਨੇ ਪੁਲਿਸ ਨੂੰ ਦੱਸਿਆ ਕਿ 6 ਫਰਵਰੀ ਦੀ ਸਵੇਰ ਕਰੀਬ 7 ਵਜੇ ਉਹ ਆਪਣੇ ਵੱਡੇ ਭਰਾ ਲੱਕੀ ਓਬਰਾਏ ਤੇ ਦੋਸਤ ਸ਼ਸ਼ੀ ਸ਼ਰਮਾ ਨਾਲ ਕਾਲੀ ਥਾਰ ’ਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਮੱਥਾ ਟੇਕਣ ਪੁੱਜੇ ਸਨ। ਅਰਦਾਸ ਤੋਂ ਬਾਅਦ ਜਦੋਂ ਉਹ ਮੁੱਖ ਦਰਵਾਜ਼ੇ ’ਤੇ ਆਏ ਤਾਂ ਗੱਡੀ ਸੱਜੇ ਪਾਸੇ ਖੜ੍ਹੀ ਸੀ। ਲੱਕੀ ਓਬਰਾਏ ਚਾਬੀ ਲੈ ਕੇ ਗੱਡੀ ਸਟਾਰਟ ਕਰਨ ਲੱਗੇ। ਇਸ ਦੌਰਾਨ ਕਾਰ ਤੋਂ ਕੁਝ ਦੂਰੀ ’ਤੇ ਖੜ੍ਹੀ ਇਕ ਸਫੈਦ ਐਕਟਿਵਾ ਕੋਲ ਦੋ ਅਣਪਛਾਤੇ ਨੌਜਵਾਨ ਦਿਖਾਈ ਦਿੱਤੇ। ਉਨ੍ਹਾਂ ’ਚੋਂ ਇਕ ਨੇ ਹੁੱਡੀ ਪਾਈ ਹੋਈ ਸੀ। ਜਿਵੇਂ ਹੀ ਲੱਕੀ ਗੱਡੀ ਅੱਗੇ ਵਧਾਉਣ ਲੱਗੇ, ਉਹ ਨੌਜਵਾਨ ਅਚਾਨਕ ਕਾਰ ਵੱਲ ਵਧਿਆ ਤੇ ਹੱਥ ’ਚ ਫੜੀ ਪਿਸਤੌਲ ਨਾਲ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦਮਨਦੀਪ ਤੇ ਸ਼ਸ਼ੀ ਸ਼ਰਮਾ ਨੇ ‘ਫੜੋ-ਫੜੋ’ ਦਾ ਰੌਲਾ ਪਾਇਆ ਪਰ ਹਮਲਾਵਰ ਆਪਣੇ ਸਾਥੀ ਸਮੇਤ ਐਕਟਿਵਾ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਕੁਝ ਲੋਕਾਂ ਨੇ ਦੋ ਗੱਡੀਆਂ ’ਚ ਉਨ੍ਹਾਂ ਦਾ ਪਿੱਛਾ ਵੀ ਕੀਤਾ। ਗੰਭੀਰ ਜ਼ਖ਼ਮੀ ਲੱਕੀ ਓਬਰਾਏ ਨੂੰ ਤੁਰੰਤ ਸ਼੍ਰੀ ਰਾਮ ਸੁਪਰਸਪੈਸ਼ਲਟੀ ਹਸਪਤਾਲ, ਲਿੰਕ ਰੋਡ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦਮਨਦੀਪ ਸਿੰਘ ਨੇ ਆਪਣੇ ਬਿਆਨ ’ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੈਂਗਸਟਰ ਜੋਗਰਾਜ ਸਿੰਘ ਉਰਫ਼ ਜੋਗਾ ਤੇ ਉਸਦੇ ਸਾਥੀ ਇੰਟਰਨੈੱਟ ਮੀਡੀਆ ਰਾਹੀਂ ਲੱਕੀ ਓਬਰਾਏ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਲੱਕੀ ਨੇ ਖੁਦ ਵੀ ਪਰਿਵਾਰ ਨੂੰ ਕਿਹਾ ਸੀ ਕਿ ਉਸਨੂੰ ਜੋਗਾ ਤੇ ਦਲਬੀਰਾ ਤੋਂ ਖ਼ਤਰਾ ਹੈ।
---------------------
ਜੋਗਾ ਫੋਲੜੀਵਾਲ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ
ਲੱਕੀ ਓਬਰਾਏ ਦੀ ਹੱਤਿਆ ਦੀ ਜ਼ਿੰਮੇਵਾਰੀ ਵਿਦੇਸ਼ ’ਚ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਨੇ ਲਈ ਹੈ। ਉਸਨੇ ਫੇਸਬੁੱਕ ’ਤੇ ਪੋਸਟ ਪਾ ਕੇ ਕਿਹਾ ਕਿ ਇਹ ਹੱਤਿਆ ਨਿੱਜੀ ਰੰਜਿਸ਼ ਦੇ ਚਲਦੇ ਕੀਤੀ ਗਈ ਹੈ।
------------------
ਫੇਸਬੁੱਕ ਪੋਸਟ ’ਚ ਲਿਖਿਆ-‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਲੰਧਰ ’ਚ ਲੱਕੀ ਓਬਰਾਏ ਦੀ ਹੱਤਿਆ ਕੀਤੀ ਗਈ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਇਹ ਹੱਤਿਆ ਨਿੱਜੀ ਦੁਸ਼ਮਣੀ ਕਾਰਨ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਉਸ ਨੂੰ ਆਮ ਆਦਮੀ ਪਾਰਟੀ ਦਾ ਆਗੂ ਦੱਸ ਕੇ ਜੋ ਕੁਝ ਵਾਇਰਲ ਕੀਤਾ ਜਾ ਰਿਹਾ ਹੈ, ਉਹ ਗਲਤ ਹੈ। ਉਹ ਇਕ ਵੱਡਾ ਡਰੱਗ ਤਸਕਰ ਸੀ ਤੇ ਖੁਦ ਵੀ ਨਸ਼ਾ ਕਰਦਾ ਸੀ। ਉਸ ਦੇ ਸਾਰੇ ਕਾਲੇ ਕਾਰਨਾਮਿਆਂ ਦੇ ਸਬੂਤ ਸਾਡੇ ਕੋਲ ਹਨ। ਇਹ ਹੱਤਿਆ ਖਾਲਸਾ ਕਾਲਜ ਦੀ ਪ੍ਰਧਾਨਗੀ ਲਈ ਕੀਤੀ ਗਈ ਹੈ। ਉਹ ਕੋਈ ਆਗੂ ਨਹੀਂ ਸਗੋਂ ਪੁਲਿਸ ਦਾ ਖਾਸ ਮੁਖਬਰ ਸੀ। ਸਾਡੇ ਬਾਰੇ ਜੋ ਉਸਨੇ ਬਕਵਾਸ ਕੀਤੀ, ਉਸ ਦਾ ਅਸੀਂ ਅੱਜ ਜਵਾਬ ਦੇ ਦਿੱਤਾ ਹੈ। ਬਸ ਇੰਤਜ਼ਾਰ ਕਰੋ ਤੇ ਵੇਖੋ।’
-----------------------
ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ
ਸਿਵਲ ਹਸਪਤਾਲ ’ਚ ਸਤਵਿੰਦਰ ਪਾਲ ਸਿੰਘ ਉਰਫ਼ ਲੱਕੀ ਓਬਰਾਏ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਪੋਸਟਮਾਰਟਮ ਦੌਰਾਨ ਉਸਦੇ ਸਰੀਰ ਦੇ ਉੱਪਰੀ ਹਿੱਸੇ, ਖ਼ਾਸ ਕਰਕੇ ਛਾਤੀ ਦੇ ਇਲਾਕੇ ’ਚ 10 ਦੇ ਕਰੀਬ ਗੋਲੀ ਦੇ ਜ਼ਖ਼ਮ ਮਿਲੇ। ਇਨ੍ਹਾਂ ’ਚੋਂ ਲਗਪਗ ਪੰਜ ਗੋਲੀਆਂ ਸਰੀਰ ਨੂੰ ਚੀਰ ਕੇ ਪਾਰ ਹੋ ਗਈਆਂ। ਪੰਜ ਗੋਲੀਆਂ ਕੱਢ ਕੇ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ। ਗੋਲੀਆਂ ਲੱਗਣ ਕਾਰਨ ਮ੍ਰਿਤਕ ਦੇ ਫੇਫੜੇ ਬੁਰੀ ਤਰ੍ਹਾਂ ਨਸ਼ਟ ਹੋ ਚੁੱਕੇ ਸਨ।
-----------------------
ਕੁਝ ਮਿੰਟਾਂ ’ਚ ਹੀ ਰਚਿਆ ਗਿਆ ਖੂਨੀ ਖੇਡ
6:27:14 ਵਜੇ ਚਿੱਟੇ ਰੰਗ ਦੀ ਸਕੂਟਰੀ ’ਤੇ ਦੋ ਨੌਜਵਾਨ ਗੁਰਦੁਆਰੇ ਨੇੜੇ ਪਹੁੰਚੇ।
ਇਕ ਨੌਜਵਾਨ ਕਾਲੀ ਹੁੱਡੀ ਪਾ ਕੇ ਸਕੂਟਰੀ ਤੋਂ ਉਤਰਿਆ ਤੇ ਨੇੜੇ ਖੜ੍ਹੀ ਕਾਰ ਪਿੱਛੇ ਖੜ੍ਹ ਕੇ ਰੇਕੀ ਕਰਨ ਲੱਗ ਪਿਆ।
7:35:50 ਵਜੇ ਉਹ ਨੌਜਵਾਨ ਕਾਰ ਦੇ ਪਿੱਛੇ ਤੋਂ ਨਿਕਲ ਕੇ ਉਸ ਚਿੱਟੀ ਕਾਰ ਕੋਲ ਪੁੱਜਾ, ਜਿਸਦੇ ਨਾਲ ਲੱਕੀ ਓਬਰਾਏ ਦੀ ਕਾਲੀ ਥਾਰ ਖੜ੍ਹੀ ਸੀ।
7:36:19 ਵਜੇ ਲੱਕੀ ਓਬਰਾਏ ਗੁਰਦੁਆਰੇ ਤੋਂ ਬਾਹਰ ਆਏ ਤੇ ਥਾਰ ਵੱਲ ਵਧੇ।
7:36:30 ਵਜੇ ਜਿਵੇਂ ਹੀ ਉਹ ਡਰਾਈਵਿੰਗ ਸੀਟ ’ਤੇ ਬੈਠੇ, ਹਮਲਾਵਰ ਤੇਜ਼ੀ ਨਾਲ ਨੇੜੇ ਆ ਗਿਆ।
7:36:39 ਵਜੇ ਪਹਿਲਾ ਫਾਇਰ ਹੋਇਆ ਤੇ ਸੱਤ ਸਕਿੰਟਾਂ ’ਚ ਹਮਲਾਵਰ ਫਰਾਰ ਹੋ ਗਿਆ।
7:37:05 ਵਜੇ ਗੁਰਦੁਆਰੇ ਦਾ ਸੇਵਾਦਾਰ ਬਾਹਰ ਆਇਆ।
7:40 ਵਜੇ ਲੱਕੀ ਓਬਰਾਏ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ।
ਬਾਅਦ ’ਚ ਸ਼੍ਰੀ ਰਾਮ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਰੱਖਣ ਦੇ ਬਾਵਜੂਦ ਸਵੇਰੇ ਕਰੀਬ 9:30 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ