ਪ੍ਰੋ. ਸਤਪਾਲ ਸਿੰਘ ਦੀ ਨੈਸ਼ਨਲ ਮਿਸ਼ਨ ਫਾਰ ਮੈਂਟਰਿੰਗ ਲਈ ਚੋਣ
ਲਾਇਲਪੁਰ ਖਾਲਸਾ ਕਾਲਜ ਦੇ ਪ੍ਰੋ. ਸਤਪਾਲ ਸਿੰਘ ਨੂੰ ਨੈਸ਼ਨਲ ਮਿਸ਼ਨ ਫਾਰ ਮੈਂਟਰਿੰਗ (ਐੱਨਐੱਮਐੱਮ) ਲਈ ਚੁਣਿਆ ਗਿਆ
Publish Date: Mon, 02 Mar 2026 06:26 PM (IST)
Updated Date: Mon, 02 Mar 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਸੂਬਾ ਤੇ ਰਾਸ਼ਟਰੀ ਪੱਧਰ ’ਤੇ ਵੱਖ-ਵੱਖ ਅਧਿਆਪਨ ਸਿੱਖਣ ਨਤੀਜਾ ਅਧਾਰਤ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਇਕ ਅਨੁਕੂਲ ਵਾਤਾਵਰਨ ਤੇ ਪਲੇਟਫਾਰਮ ਪ੍ਰਦਾਨ ਕਰਦਾ ਹੈ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ’ਚ ਨਿਰਧਾਰਿਤ ਕੀਤੇ ਗਏ ਰਾਸ਼ਟਰੀ ਮਿਸ਼ਨ ਫਾਰ ਮੈਂਟਰਿੰਗ (ਐੱਨਐੱਮਐੱਮ) ਤਹਿਤ ਪੀਜੀ ਅੰਗਰੇਜੀ ਵਿਭਾਗ ’ਚ ਸਹਾਇਕ ਪ੍ਰੋ. ਸਤਪਾਲ ਸਿੰਘ ਨੂੰ ਮੈਂਟਰ ਵਜੋਂ ਚੁਣਿਆ ਹੈ।
ਪ੍ਰਿੰਸੀਪਲ ਡਾ. ਸੰਧੂ ਨੇ ਪ੍ਰੋ. ਸਤਪਾਲ ਸਿੰਘ ਨੂੰ ਦੇਸ਼ ਭਰ ਦੇ ਸਕੂਲ ਅਧਿਆਪਕਾਂ ਨੂੰ ਥੋੜ੍ਹੇ ਤੇ ਲੰਬੇ ਸਮੇਂ ਦੀ ਅਕਾਦਮਿਕ ਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਵਾਲੇ ਸ਼ਾਨਦਾਰ ਪੇਸ਼ੇਵਰਾਂ ਦੇ ਮਜ਼ਬੂਤ ਰਾਸ਼ਟਰੀ ਪੂਲ ’ਚ ਚੁਣੇ ਜਾਣ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੋ. ਸਤਪਾਲ ਸਿੰਘ ਨੂੰ ਰਾਸ਼ਟਰੀ ਪੱਧਰ 'ਤੇ 4 ਮਹੀਨੇ ਦੀ ਲੰਬੀ ਜਾਂਚ ਪ੍ਰਕਿਰਿਆ ਤੋਂ ਬਾਅਦ ਚੁਣਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਹਮੇਸ਼ਾ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਉਤਸ਼ਾਹਤ ਕਰਦਾ ਹੈ।
ਪ੍ਰੋ. ਸਤਪਾਲ ਸਿੰਘ ਨੇ ਰਾਸ਼ਟਰੀ ਪੱਧਰ ’ਤੇ ਸ਼ਾਮਲ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਸਮਰਪਿਤ ਆਨਲਾਈਨ ਪੋਰਟਲ ਰਾਹੀਂ ਦੇਸ਼ ਭਰ ਦੇ ਸਕੂਲ ਅਧਿਆਪਕਾਂ ਨੂੰ ਢਾਂਚਾਗਤ ਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਪ੍ਰਧਾਨ, ਕਾਲਜ ਗਵਰਨਿੰਗ ਕੌਂਸਲ ਤੇ ਪ੍ਰਿੰਸੀਪਲ ਦਾ ਉਨ੍ਹਾਂ ਦੇ ਬਿਨਾਂ ਸ਼ਰਤ ਸਮਰਥਨ ਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਤੇ ਆਈਕਿਊਏਸੀ ਕਨਵੀਨਰ ਪ੍ਰੋ. ਹਰੀ ਓਮ ਵਰਮਾ ਵੀ ਮੌਜੂਦ ਸਨ।