ਪ੍ਰੌ. ਸੰਧੂ ਵਰਿਆਣਵੀ ਤੇ ਜਗਦੀਸ਼ ਰਾਣਾ ਵੱਲੋਂ 51 ਕਿਤਾਬਾਂ ਭੇਟ
ਪ੍ਰੌ. ਸੰਧੂ ਵਰਿਆਣਵੀ ਤੇ ਜਗਦੀਸ਼ ਰਾਣਾ ਵੱਲੋਂ 51 ਕਿਤਾਬਾਂ ਭੇਟ
Publish Date: Sun, 01 Mar 2026 07:44 PM (IST)
Updated Date: Mon, 02 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਨੂੰ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਤੇ ਪ੍ਰੋਫੈਸਰ ਸੰਧੂ ਵਰਿਆਣਵੀ ਨੇ ਆਪਣੀ ਨਿੱਜੀ ਲਾਇਬ੍ਰੇਰੀ ’ਚੋਂ 51 ਕਿਤਾਬਾਂ ਤੇ ਭਾਰਤ ਦਾ ਸੰਵਿਧਾਨ ਸਤਿਗੁਰੂ ਕਬੀਰ ਭਵਨ ਵੈਲਫੇਅਰ ਸੋਸਾਇਟੀ 120 ਫੁੱਟੀ ਰੋਡ ਵਿਖੇ ਬਣਨ ਵਾਲੀ ਲਾਇਬ੍ਰੇਰੀ ਲਈ ਪੱਤਰਕਾਰ ਕੀਮਤੀ ਭਗਤ ਤੇ ਚੇਅਰਮੈਨ ਕੁਲਦੀਪ ਦੀਪੂ ਨੂੰ 51 ਕਿਤਾਬਾਂ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਦਫ਼ਤਰ ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਇਹ ਬੇਹੱਦ ਚੰਗੀ ਗੱਲ ਹੈ ਕਿ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਵਿਖੇ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ ਤੇ ਮੌਜੂਦਾ ਸਮੇਂ ’ਚ ਤਾਂ ਹਰ ਜਗ੍ਹਾ ਹੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਵੇਗੀ ਤੇ ਕਿਤਾਬਾਂ ਨਾਲ ਜੁੜ ਕੇ ਕੋਈ ਵੀ ਆਪਣੇ ਇਤਿਹਾਸ ਤੋਂ ਜਾਗਰੂਕ ਹੋਵੇਗਾ। ਇਤਿਹਾਸ ਦਾ ਜਾਣਕਾਰ ਹੋਵੇਗਾ ਤਾਂ ਇਨਸਾਨ ਹਰ ਥਾਂ ’ਤੇ ਤਰਕ ਵਿਤਰਕ ਕਰ ਸਕਦਾ ਹੈ। ਇਸ ਮੌਕੇ ਪ੍ਰੋਫੈਸਰ ਸੰਧੂ ਵਰਿਆਣਵੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਅਜਿਹੀ ਸੋਚ ਰੱਖਣਾ ਬਹੁਤ ਵੱਡੀ ਗੱਲ ਹੈ ਜਦੋਂ ਸੋਸ਼ਲ ਮੀਡੀਆ ਯੁੱਗ ਹੈ ਤੇ ਤੁਸੀਂ ਲਾਇਬਰੇਰੀ ਸਥਾਪਿਤ ਕਰ ਰਹੇ ਹੋ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਤੁਸੀਂ ਸਾਹਿਤ ਨੂੰ ਬੇਹੱਦ ਪਿਆਰ ਕਰਦੇ ਹੋ। ਲਾਇਬ੍ਰੇਰੀ ਲਈ ਭਵਿੱਖ ’ਚ ਵੀ ਅਸੀਂ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਕਮੇਟੀ ਦੇ ਨਾਲ ਹਮੇਸ਼ਾ ਖੜ੍ਹੇ ਹਾਂ। ਸਤਿਗੁਰ ਕਬੀਰ ਭਵਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕੁਲਦੀਪ ਦੀਪੂ ਵੱਲੋਂ ਜਗਦੀਸ਼ ਰਾਣਾ ਤੇ ਪ੍ਰੋਫੈਸਰ ਸੰਧੂ ਵਰਿਆਣਪੁਰੀ ਤੇ ਸਮੂਹ ਲੇਖਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਅਜਿਹੇ ਸ਼ਾਇਰਾਂ ਦੀ ਬਦੌਲਤ ਹੀ ਭਵਨ ਵਿਖੇ ਲਾਇਬਰੇਰੀ ਦਾ ਸਥਾਪਿਤ ਹੋਣ ਜਾ ਰਿਹਾ ਹੈ ਜੋ ਸਮੇਂ ਸਮੇਂ ’ਤੇ ਸਾਨੂੰ ਕਿਤਾਬਾਂ ਮੁੱਹਈਆ ਕਰਵਾ ਰਹੇ ਹਨ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਉੱਘੇ ਨਾਵਲਕਾਰ ਕੁਲਦੀਪ ਸਿੰਘ ਬੇਦੀ, ਡਾ.ਕੰਵਲ ਭੱਲਾ, ਕਵਿੱਤਰੀ ਸਵਿੰਦਰ ਸੰਧੂ ਤੇ ਕਰਨਲ ਜਗਬੀਰ ਸਿੰਘ ਸੰਧੂ ਮੌਜੂਦ ਸਨ।