ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪ੍ਰੋ. ਦਲਬੀਰ ਸਿੰਘ ਰਿਆੜ ਦਾ ਸਨਮਾਨ
ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪ੍ਰੋ: ਦਲਬੀਰ ਸਿੰਘ ਰਿਆੜ ਦਾ ਸਨਮਾਨ
Publish Date: Sun, 04 Jan 2026 07:57 PM (IST)
Updated Date: Mon, 05 Jan 2026 04:12 AM (IST)

ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਮਾਗਮ ਅੱਜ : ਗੁਰਕ੍ਰਿਪਾਲ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਦੇ ਦੀਵਾਨ ’ਚ ਉੱਘੇ ਕਵੀ, ਸਾਹਿਤ ਪ੍ਰੇਮੀ ਤੇ ਲੇਖਕ ਪ੍ਰੋ. ਦਲਬੀਰ ਸਿੰਘ ਰਿਆੜ ਦਾ ਸਨਮਾਨ ਕੀਤਾ ਗਿਆ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਹਜ਼ੂਰੀ ਰਾਗੀ ਭਾਈ ਮਹਿੰਦਰਪਾਲ ਸਿੰਘ ਦੇ ਜਥੇ ਨੇ ਕੀਰਤਨ ਨਾਲ ਤੇ ਗਿਆਨੀ ਦਲਬੀਰ ਸਿੰਘ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਜਾਬੀ ਲਿਖਾਰੀ ਸਭਾ ਵੱਲੋਂ ਮਹੀਨਾਵਾਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ’ਚ ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਮਹਿੰਦਰ ਸਿੰਘ ਅਨੇਜਾ, ਉਰਮਿਲਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ, ਮੇਜਰ ਕੁਲਦੀਪ ਸਿੰਘ, ਸਤਪਾਲ ਸਿੰਘ ਅਲਗ, ਹਰਜਿੰਦਰ ਸਿੰਘ ਜਿੰਦੀ ਤੇ ਕੁਲਜੀਤ ਕੌਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਸਰਸ਼ਾਰ ਕੀਤਾ। ਇਸ ਦੌਰਾਨ ਪ੍ਰਸਿੱਧ ਸਾਹਿਤ ਪ੍ਰੇਮੀ, ਕਵੀ ਤੇ ਲੇਖਕ ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਜੋ ਕਿ ਲੱਗਭਗ ਇਕ ਸਾਲ ਦੇ ਧਰਮ ਪ੍ਰਚਾਰ ਲਈ ਵਿਦੇਸ਼ ਦੌਰੇ ਤੋਂ ਪਰਤੇ ਹਨ, ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਤੇ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ। ਬੇਅੰਤ ਸਿੰਘ ਸਰਹੱਦੀ ਜੀ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇਸ ਦੌਰਾਨ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਤਹਿਤ ਮਨਧੀਰ ਸਿੰਘ ਦੇ ਪਰਿਵਾਰ ਵੱਲੋਂ ਸਹਿਜ ਪਾਠਾਂ ਦੇ ਭੋਗ ਪੁਆਏ। ਗੁਰਦੁਆਰਾ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਆਉਣ ਵਾਲੇ ਸਮਾਗਮ ਸਬੰਧੀ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਅੱਜ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ’ਤੇ ਸਵੇਰ ਤੇ ਸ਼ਾਮ ਦੀਵਾਨ ਸਜਾਏ ਜਾਣਗੇ, ਜਿਸ ’ਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਵਰਨ ਸਿੰਘ, ਕਥਾਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਹਾਜ਼ਰ ਭਰਨਗੇ। ਰਾਤ ਦੇ ਦੀਵਾਨ ’ਚ ਭਾਈ ਸ਼ਮਸ਼ੇਰ ਸਿੰਘ ਦਾ ਰਾਗੀ ਜਥਾ ਕੀਰਤਨ ਨਾਲ ਹਾਜ਼ਰੀ ਭਰਨਗੇ। ਅੱਜ ਦੇ ਦੀਵਾਨ ’ਚ ਹੋਰਨਾਂ ਤੋਂ ਇਲਾਵਾ ਸੀਨੀ. ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਬਲਵਿੰਦਰ ਸਿੰਘ ਹੇਅਰ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਬਲਵੰਤ ਸਿੰਘ, ਜਗਤਾਰ ਸਿੰਘ ਬੈਂਕਰ ਆਦਿ ਪਤਵੰਤੇ ਸੱਜਣ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।