ਸੇਵਾਮੁਕਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਹੋਣ : ਮੇਅਰ
ਸੇਵਾ ਮੁਕਤ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਏ - ਮੇਅਰ
Publish Date: Tue, 10 Mar 2026 08:26 PM (IST)
Updated Date: Tue, 10 Mar 2026 08:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਸੇਵਾਮੁਕਤ ਕਰਮਚਾਰੀਆਂ ਦੀ ਜਥੇਬੰਦੀ ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਮੇਅਰ ਵਨੀਤ ਧੀਰ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਪੈਨਸ਼ਨ, ਗ੍ਰੈਚੂਟੀ, ਲੀਵ ਇਨਕੈਸ਼ਮੈਂਟ ਆਦਿ ਦੇ ਭੁਗਤਾਨ ਸਮੇਂ ’ਤੇ ਨਾ ਹੋਣ ਖ਼ਿਲਾਫ਼ ਰੋਸ ਪ੍ਰਗਟ ਕੀਤਾ ਤੇ ਦੋਸ਼ ਲਾਇਆ ਕਿ ਡੀਸੀਐੱਫਏ ਤੇ ਡੀਸੀਐੱਲਏ ਉਨ੍ਹਾਂ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। ਇਸ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ ਤੇ ਬਾਕੀ ਸਮੱਸਿਆਵਾਂ ਦੇ ਹੱਲ ਨਾ ਹੋਣ ਕਾਰਨ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਦੌਰਾਨ ਮੇਅਰ ਨੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਡੀਸੀਐੱਫਏ ਵਿਨਾਇਕ ਤੇ ਡੀਸੀਐੱਲਏ ਬ੍ਰਾਂਚ ਤੋਂ ਇਲਾਵਾ ਹੋਰ ਅਧਿਕਾਰੀਆ ਨੂੰ ਮੌਕੇ ’ਤੇ ਬੁਲਾਇਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੇਵਾ ਮੁਕਤ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਏ। ਇਸ ਤੋਂ ਪਹਿਲਾਂ ਉਕਤ ਜਥੇਬੰਦੀ ਦੀ ਆਪਣੀਆਂ ਸਮੱਸਿਆਵਾਂ ਬਾਰੇ ਇਕ ਮੀਟਿੰਗ ਪ੍ਰਧਾਨ ਜਵਾਹਰ ਲਾਲ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਚੇਅਰਮੈਨ ਨਰਿੰਦਰ ਸਿੰਘ ਢੀਂਗਰਾ, ਵਾਈਸ ਚੇਅਰਮੈਨ ਜਗਮੋਹਨ ਸਿੰਘ ਕੋਹਲੀ, ਚੀਫ ਪੈਟਰਨ ਸੁਰੇਸ਼ ਕੁਮਾਰ ਭਗਤ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਤੇ ਗੁਰਕੀਰਤ ਸਿੰਘ, ਜਨਰਲ ਸਕੱਤਰ ਜੁਗਲ ਸੂਰੀ, ਸਕੱਤਰ ਅਜੀਤ ਸ਼ਰਮਾ, ਪ੍ਰੈੱਸ ਸਕੱਤਰ ਅਮਰੀਕ ਸਿੰਘ, ਖਜ਼ਾਨਚੀ ਹਰਚਰਨ ਸਿੰਘ ਚਾਵਲਾ ਤੇ ਕਾਨੂੰਨੀ ਸਲਾਹਕਾਰ ਰਾਜਿੰਦਰ ਸ਼ਰਮਾ ਆਦਿ ਸ਼ਾਮਿਲ ਹੋਏ।