ਸਿਹਤ ਸਬੰਧੀ ਅਫ਼ਵਾਹਾਂ ਤੋਂ ਬਚਣਾ ਚਾਹੀਦੈ : ਡਾ. ਪ੍ਰੀਆ
ਵਿਸ਼ਵ ਸਿਹਤ ਦਿਵਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ ਵੱਲੋਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ
Publish Date: Wed, 08 Apr 2026 06:57 PM (IST)
Updated Date: Wed, 08 Apr 2026 06:59 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਮੁੱਢਲਾ ਸਿਹਤ ਕੇਂਦਰ ਮਹਿਤਪੁਰ ’ਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਗਈ। ਸਿਹਤ ਕਰਮਚਾਰੀਆਂ ਨੇ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਸਿਹਤ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਥੀਮ ਤਹਿਤ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ, ਸਮੇਂ ਸਿਰ ਟੀਕਾਕਰਨ ਕਰਵਾਉਣ, ਸੰਤੁਲਿਤ ਖੁਰਾਕ ਲੈਣ ਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਲਈ ਜਾਗਰੂਕ ਕੀਤਾ ਗਿਆ। ਸਿਹਤ ਕਰਮਚਾਰੀਆਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ, ਸਫਾਈ, ਪੋਸ਼ਣ ਤੇ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਘੁ ਪ੍ਰੀਆ ਨੇ ਕਿਹਾ, “ਸਿਹਤ ਸਿਰਫ ਬਿਮਾਰੀ ਦੀ ਗੈਰਹਾਜ਼ਰੀ ਨਹੀਂ, ਸਗੋਂ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਹੈ। ਸਾਨੂੰ ਵਿਗਿਆਨਕ ਸੋਚ ਅਪਣਾ ਕੇ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਅਸੀਂ ਇਕ ਤੰਦਰੁਸਤ ਤੇ ਜਾਗਰੂਕ ਸਮਾਜ ਤਿਆਰ ਕਰ ਸਕਦੇ ਹਾਂ।” ਇਸ ਦੌਰਾਨ ਇਹ ਸੰਦੇਸ਼ ਵੀ ਦਿੱਤਾ ਗਿਆ ਕਿ “ਤੰਦਰੁਸਤ ਸਮਾਜ ਹੀ ਖੁਸ਼ਹਾਲ ਦੇਸ਼ ਦੀ ਨੀਂਹ ਹੁੰਦਾ ਹੈ” ਤੇ ਹਰ ਵਿਅਕਤੀ ਨੂੰ ਸਿਹਤਮੰਦ ਭਾਰਤ ਦੀ ਨਿਰਮਾਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ।