ਪੱਤਰਕਾਰਾਂ ’ਤੇ ਦਰਜ ਪਰਚਿਆਂ ਦੀ ਸਖ਼ਤ ਨਿੰਦਾ
ਪ੍ਰੈੱਸ ਕਲੱਬ ਫਿਲੌਰ ਵੱਲੋਂ ਪੰਜਾਬ ’ਚ ਪੱਤਰਕਾਰਾਂ ’ਤੇ ਦਰਜ ਪਰਚੇ ਦੀ ਸਖ਼ਤ ਨਿੰਦਾ
Publish Date: Sun, 04 Jan 2026 07:10 PM (IST)
Updated Date: Mon, 05 Jan 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪ੍ਰੈੱਸ ਕਲੱਬ ਵੱਲੋਂ ਪੰਜਾਬ ’ਚ ਪੱਤਰਕਾਰਾਂ ’ਤੇ ਦਰਜ ਕੀਤੇ ਗਏ ਪਰਚੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਸਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਜਨ. ਸਕੱਤਰ ਸਰਬਜੀਤ ਗਿੱਲ ਨੇ ਕਿਹਾ ਕਿ ਹਾਕਮ ਧਿਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਮੀਟਿੰਗ ਦੌਰਾਨ ਪਾਏ ਮਤੇ ’ਚ ਕਿਹਾ ਗਿਆ ਕਿ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ ਹਨ, ਪਰ ਮੌਜੂਦਾ ਮੁੱਖ ਮੰਤਰੀ ਵੱਲੋਂ ਪੱਤਰਕਾਰ ਸੰਮੇਲਨ ਬਹੁਤ ਘੱਟ ਕੀਤੇ ਜਾਂਦੇ ਹਨ ਤੇ ਸਰਕਾਰ ਸਿਰਫ਼ ਮਸ਼ਹੂਰੀਆਂ ਦੇ ਆਸਰੇ ਚੱਲ ਰਹੀ ਹੈ। ਮਤੇ ’ਚ ਚੇਤਾਵਨੀ ਦਿੱਤੀ ਗਈ ਕਿ ਪੱਤਰਕਾਰਾਂ ਪ੍ਰਤੀ ਮੌਜੂਦਾ ਸਰਕਾਰ ਦੀ ਨੀਤੀ ਭਵਿੱਖ ’ਚ ਮਹਿੰਗੀ ਪੈ ਸਕਦੀ ਹੈ। ਕਲੱਬ ਦੇ ਪ੍ਰਧਾਨ ਸਤਿੰਦਰ ਸ਼ਰਮਾ ਨੇ ਕਿਹਾ ਕਿ ਸਵਾਲ ਪੁੱਛਣ ਦੇ ਬਦਲੇ ਪਰਚੇ ਦਰਜ ਕਰਨਾ ਪੂਰੀ ਤਰ੍ਹਾਂ ਗਲਤ ਹੈ ਤੇ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਤੇ ਪੱਤਰਕਾਰਾਂ ਨੂੰ ਵੱਡੀਆਂ ਆਸਾਂ ਸਨ ਪਰ ਅਸਲ ’ਚ ਸਰਕਾਰ ਪੱਤਰਕਾਰਾਂ ਦੇ ਨਾਲ ਖੜ੍ਹੀ ਦਿਖਾਈ ਨਹੀਂ ਦੇ ਰਹੀ। ਮੀਟਿੰਗ ’ਚ ਇਹ ਵੀ ਕਿਹਾ ਗਿਆ ਕਿ ਇਸ ਪਰਚੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰਾਂ ਆਪਣੇ ਖ਼ਿਲਾਫ਼ ਸਵਾਲ ਤੇ ਆਲੋਚਨਾ ਸਹਿਣ ਲਈ ਤਿਆਰ ਨਹੀਂ ਹਨ। ਇਸ ਮੌਕੇ ਸੁਰਜੀਤ ਸਿੰਘ ਬਰਨਾਲਾ, ਨਰੇਸ਼ ਸ਼ਰਮਾ, ਅਮਰਜੀਤ ਸਿੰਘ ਮੋਨੂੰ, ਸ਼ੁਭਮ ਸ਼ਰਮਾ, ਸੁਰਿੰਦਰ ਸਿੰਘ, ਬੰਟੀ ਕਲੇਰ ਤੇ ਰਿੰਕੂ ਖੋਸਲਾ ਸਮੇਤ ਹੋਰ ਮੈਂਬਰ ਹਾਜ਼ਰ ਸਨ।