ਪ੍ਰੀ-ਐੱਸਆਈਆਰ : ਨਾਰਥ, ਸੈਂਟਰਲ ਤੇ ਵੈਸਟ ਹਲਕਿਆਂ ’ਚ ਹੋਰ ਰਾਜਾਂ ਦੇ ਲੋਕ ਵਧੇ, ਇਸ ਲਈ ਮੈਪਿੰਗ ਘੱਟ ਹੋਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਸਾਲ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਪ੍ਰੀ-ਐੱਸਆਈਆਰ) ਦਾ ਕੰਮ ਜਾਰੀ ਹੈ। ਜਲੰਧਰ ਜ਼ਿਲ੍ਹੇ ’ਚ ਸ਼ਹਿਰੀ ਵਿਧਾਨ ਸਭਾ ਹਲਕਿਆਂ ’ਚ ਹੋਰ ਰਾਜਾਂ ਦੇ ਲੋਕਾਂ ਦੀ ਗਿਣਤੀ ਵਧਣ ਕਾਰਨ ਇਨ੍ਹਾਂ ਹਲਕਿਆਂ ’ਚ ਪ੍ਰੀ-ਐੱਸਆਈਆਰ ਮੈਪਿੰਗ ਘੱਟ ਹੋ ਸਕੀ ਹੈ। ਇਸ ਦੇ ਮੁਕਾਬਲੇ ’ਚ ਦਿਹਾਤੀ ਪੰਜ ਵਿਧਾਨ ਸਭਾ ਹਲਕਿਆਂ ’ਚ ਹੋਰ ਰਾਜਾਂ ਦੇ ਲੋਕਾਂ ਦੀ ਗਿਣਤੀ ਘੱਟ ਹੋਣ ਕਰਕੇ ਉਥੇ ਮੈਪਿੰਗ ਦਾ ਫ਼ੀਸਦ ਵਧੀਆ ਹੈ। ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ 16 ਅਪ੍ਰੈਲ ਤੱਕ ਸਿਰਫ਼ 60 ਫੀਸਦੀ ਮੈਪਿੰਗ ਹੋਈ ਹੈ, ਜਦਕਿ ਦਿਹਾਤੀ ਹਲਕਿਆਂ ’ਚ ਇਹ ਅੰਕੜਾ 83 ਫੀਸਦੀ ਤੋਂ ਵੱਧ ਹੈ। ਪੂਰੇ ਜ਼ਿਲ੍ਹੇ ’ਚ ਹੁਣ ਤੱਕ ਔਸਤਨ 74.72 ਫੀਸਦੀ ਮੈਪਿੰਗ ਹੋ ਚੁੱਕੀ ਹੈ। ਕੋਸ਼ਿਸ਼ ਇਹ ਹੈ ਕਿ ਅਪ੍ਰੈਲ ਦੇ ਅੰਤ ਤੱਕ ਪ੍ਰੀ-ਐੱਸਆਈਆਰ ਮੈਪਿੰਗ ਦਾ ਕੰਮ ਪੂਰਾ ਕੀਤਾ ਜਾਵੇ, ਕਿਉਂਕਿ ਅਪ੍ਰੈਲ ਦੇ ਅੰਤ ਤੋਂ ਮਈ ਦੀ ਸ਼ੁਰੂਆਤ ’ਚ ਕੇਂਦਰੀ ਚੋਣ ਕਮਿਸ਼ਨ ਕਿਸੇ ਵੀ ਸਮੇਂ ਐੱਸਆਈਆਰ ਦਾ ਐਲਾਨ ਕਰ ਸਕਦਾ ਹੈ। ਇਸ ’ਚ ਹਲਕਿਆਂ ਦੀ ਬਜਾਏ ਹੋਰ ਰਾਜਾਂ ਦੇ ਰਹਿਣ ਵਾਲਿਆਂ ਦੇ ਨਾਮ ਵੋਟਰ ਲਿਸਟ ’ਚ ਜੋੜਨ ਜਾਂ ਕੱਟਣ ਦਾ ਕੰਮ ਕੀਤਾ ਜਾਵੇਗਾ।
-----------------------
ਹਾਲ ਹੀ ’ਚ ਇਲੈਕਸ਼ਨ ਕਮਿਸ਼ਨਰ ਨੇ ਕੀਤਾ ਸੀ ਰੀਵਿਊ
ਹਾਲ ਹੀ ’ਚ ਜਲੰਧਰ ਦੌਰੇ 'ਤੇ ਆਏ ਇਲੈਕਸ਼ਨ ਕਮਿਸ਼ਨਰ ਆਫ਼ ਇੰਡੀਆ ਡਾ. ਸੁਖਬੀਰ ਸਿੰਘ ਸੰਧੂ ਨੇ ਚੀਫ਼ ਇਲੈਕਸ਼ਨ ਕਮਿਸ਼ਨਰ, ਪੰਜਾਬ ਦੀ ਮੌਜੂਦਗੀ ’ਚ ਜਲੰਧਰ ਦੇ ਨੌਂ ਹਲਕਿਆਂ ’ਚ ਚੱਲ ਰਹੇ ਪ੍ਰੀ-ਐੱਸਆਈਆਰ ਦਾ ਰੀਵਿਊ ਕੀਤਾ ਸੀ। ਇਸ ਦੌਰਾਨ ਬੂਥ ਲੈਵਲ ਅਫ਼ਸਰ (ਬੀਐੱਲਓ) ਵੱਲੋਂ ਮੌਜੂਦਾ ਵੋਟਰ ਲਿਸਟ ਦਾ ਮਿਲਾਨ ਸਾਲ 2003 ਦੀ ਵੋਟਰ ਲਿਸਟ ਨਾਲ ਕੀਤਾ ਜਾ ਰਿਹਾ ਹੈ। ਪ੍ਰੀ-ਐੱਸਆਈਆਰ ’ਚ ਵੈਸਟ, ਸੈਂਟਰਲ ਤੇ ਨਾਰਥ ’ਚ ਸਭ ਤੋਂ ਘੱਟ ਮੈਪਿੰਗ ਹੋਈ ਹੈ। ਇਸ ਨੂੰ ਲੈ ਕੇ ਡਾ. ਸੁਖਬੀਰ ਸਿੰਘ ਸੰਧੂ ਨੇ ਤਤਕਾਲੀਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਹਲਕਿਆਂ ’ਚ ਚੱਲ ਰਹੀ ਮੈਪਿੰਗ ਦੀ ਰੋਜ਼ਾਨਾ ਨਿਗਰਾਨੀ ਕਰਕੇ ਇਸ ਦੀ ਗਤੀ ਵਧਾਈ ਜਾਵੇ।
-----------------------------
ਸ਼ਹਿਰੀ ਹਲਕਿਆਂ ’ਚ ਹੋਰ ਰਾਜਾਂ ਦੇ ਲੋਕਾਂ ਕਾਰਨ ਮੁਸ਼ਕਲਾਂ
ਜਲੰਧਰ ਦੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਹਿਰੀ ਹਲਕਿਆਂ ’ਚ ਪਿਛਲੇ ਕੁਝ ਸਾਲਾਂ ’ਚ ਹੋਰ ਰਾਜਾਂ ਦੇ ਲੋਕਾਂ ਦੀ ਗਿਣਤੀ ਵਧੀ ਹੈ। ਇਨ੍ਹਾਂ ਹਲਕਿਆਂ ’ਚ ਘੱਟ ਮੈਪਿੰਗ ਦਾ ਕਾਰਨ ਇਹ ਹੈ ਕਿ ਲੋਕ ਕਈ ਵਾਰ ਬੀਐੱਲਓ ਨਾਲ ਜਾਣਕਾਰੀ ਸਾਂਝੀ ਨਹੀਂ ਕਰਦੇ। ਸੰਭਵ ਹੈ ਕਿ ਉਨ੍ਹਾਂ ਦੀ ਵੋਟ ਮੂਲ ਜ਼ਿਲ੍ਹੇ ’ਚ ਬਣੀ ਹੋਵੇ ਤੇ ਇੱਥੇ ਰਹਿੰਦੇ ਹੋਏ ਵੀ ਬਣ ਗਈ ਹੋਵੇ। ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਲੋਕ ਸਹਾਇਕ ਦਸਤਾਵੇਜ਼ ਪੇਸ਼ ਨਹੀਂ ਕਰ ਸਕਦੇ ਜਾਂ ਇਹ ਸਾਬਤ ਨਹੀਂ ਕਰ ਸਕਦੇ ਕਿ ਸਾਲ 2003 ’ਚ ਉਨ੍ਹਾਂ ਦੀ ਵੋਟ ਕਿੱਥੇ ਸੀ। ਇਨ੍ਹਾਂ ਹੀ ਕਾਰਨਾਂ ਕਰਕੇ ਜਲੰਧਰ ਦੇ ਨਾਰਥ, ਸੈਂਟਰਲ ਤੇ ਵੈਸਟ ਹਲਕਿਆਂ ’ਚ ਦਿਹਾਤੀ ਹਲਕਿਆਂ ਦੇ ਮੁਕਾਬਲੇ ਮੈਪਿੰਗ ਘੱਟ ਹੋਈ ਹੈ। ਜਿਨ੍ਹਾਂ ਹਲਕਿਆਂ ’ਚ ਉਦਯੋਗਾਂ ਕਾਰਨ ਹੋਰ ਸੂਬਿਆਂ ਦੇ ਲੋਕ ਵੱਧ ਹਨ, ਉਥੇ ਇਹ ਸਮੱਸਿਆ ਜ਼ਿਆਦਾ ਹੈ।
-----------------
ਹਲਕਾ – ਕੁੱਲ ਵੋਟਰ – ਮੈਪਿੰਗ ਫੀਸਦੀ
30 : ਫਿਲੌਰ : 200296 : 85.14 ਫੀਸਦੀ
31 : ਨਕੋਦਰ : 194777 : 83.03 ਫੀਸਦੀ
32 : ਸ਼ਾਹਕੋਟ : 179995 : 83.92 ਫੀਸਦੀ
33 : ਕਰਤਾਰਪੁਰ : 187837 : 83.16 ਫੀਸਦੀ
34 : ਜਲੰਧਰ ਵੈਸਟ : 174299 : 60.04 ਫੀਸਦੀ
35 : ਜਲੰਧਰ ਸੈਂਟਰਲ : 179288 : 58.61 ਫੀਸਦੀ
36 : ਜਲੰਧਰ ਨਾਰਥ : 188423 : 59.65 ਫੀਸਦੀ
37 : ਜਲੰਧਰ ਕੈਂਟ : 187817 : 73.61 ਫੀਸਦੀ
38 : ਆਦਮਪੁਰ : 164805 : 84.12 ਫੀਸਦੀ