26 ਦੀ ਚੰਡੀਗੜ੍ਹ ਰੈਲੀ ਲਈ ਫਿਲੌਰ ’ਚ ਤਿਆਰੀ ਮੀਟਿੰਗ
26 ਫਰਵਰੀ ਦੀ ਚੰਡੀਗੜ੍ਹ ਰੈਲੀ ਲਈ ਫਿਲੌਰ ’ਚ ਤਿਆਰੀ ਮੀਟਿੰਗ
Publish Date: Sun, 22 Feb 2026 06:26 PM (IST)
Updated Date: Mon, 23 Feb 2026 04:10 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ
ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ 26 ਫਰਵਰੀ ਨੂੰ ਚੰਡੀਗੜ੍ਹ ’ਚ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਅੱਜ ਫਿਲੌਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕੀਤਾ। ਡਾ. ਮੁਠੱਡਾ ਨੇ ਕਿਹਾ ਕਿ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਤੋਂ ਹੀ ਸੂਬੇ ਨਾਲ ਬੇਇਨਸਾਫ਼ੀ ਹੁੰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਬੀਬੀਐੱਮਬੀ ਸਮੇਤ ਕਈ ਹੋਰ ਮਸਲੇ ਵੀ ਲੰਬੇ ਸਮੇਂ ਤੋਂ ਲਟਕਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਦੇ ਰਣਜੀਤਗੜ੍ਹ ਦੇ ਨਾਮ ’ਤੇ ਪੰਜਾਬ ਨੂੰ ਰਾਜਧਾਨੀ ਦੇਣ ਦਾ ਲਾਰਾ ਲਗਾਇਆ ਗਿਆ ਤੇ ਕਦੇ ਰਾਜੀਵ-ਲੌਂਗੋਵਾਲ ਸਮਝੌਤੇ ਰਾਹੀਂ ਮਸਲੇ ਹੱਲ ਕਰਨ ਦੀ ਗੱਲ ਕੀਤੀ ਗਈ, ਪਰ ਇਹ ਸਿਰਫ਼ ਵਾਅਦੇ ਹੀ ਸਾਬਤ ਹੋਏ। ਅੱਤਵਾਦ ਦੌਰਾਨ ਲਏ ਕਰਜ਼ੇ ਮਾਫ਼ ਕਰਨ ਦਾ ਐਲਾਨ ਵੀ ਅਮਲ ’ਚ ਨਹੀਂ ਲਿਆਂਦਾ ਗਿਆ। ਇਸ ਮੌਕੇ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਪੰਜਾਬ ਦੇ ਮਸਲਿਆਂ ਨੂੰ ਵੋਟਾਂ ਦੀ ਰਾਜਨੀਤੀ ਲਈ ਵਰਤਿਆ ਹੈ। ਉਨ੍ਹਾਂ 26 ਫਰਵਰੀ ਦੀ ਰੈਲੀ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਰੈਲੀ ਲਈ ਦੋ ਬੱਸਾਂ ਭਰ ਕੇ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਅੰਮ੍ਰਿਤਪਾਲ ਨੰਗਲ, ਰਾਮ ਨਾਥ, ਦੁਸਾਂਝ, ਮੱਖਣ ਸੰਗਰਾਮੀ, ਕੁਲਦੀਪ ਵਾਲੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ।