-ਮੇਅਰ ਨੇ ਲੋਕ ਨਿਰਮਾਣ

-ਮੇਅਰ ਨੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਨਾਲ ਮੀਟਿੰਗ ਕਰਕੇ ਬਣਾਈ ਯੋਜਨਾ
ਜਾਸ, ਜਲੰਧਰ : ਲੱਧੇਵਾਲੀ ਰੇਲਵੇ ਓਵਰ ਬ੍ਰਿਜ (ਆਰਓਬੀ) ਦੇ ਉੱਪਰੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਦੇ ਖਤਰੇ ਨੂੰ ਖਤਮ ਕਰਨ ਲਈ ਨਗਰ ਪ੍ਰਸ਼ਾਸਨ ਨੇ ਯੋਜਨਾ ਤਿਆਰ ਕਰ ਲਈ ਹੈ। ਜੇ ਇਹ ਯੋਜਨਾ ਜਲਦੀ ਹੀ ਲਾਗੂ ਹੋ ਜਾਂਦੀ ਹੈ ਤਾਂ ਹਾਈਟੈਂਸ਼ਨ ਤਾਰਾਂ ਦੀ ਸਮੱਸਿਆ ਪੱਕੇ ਤੌਰ ’ਤੇ ਖਤਮ ਹੋ ਜਾਵੇਗੀ ਤੇ ਵਾਹਨਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ। ਇਸ ਸਬੰਧੀ ਹਾਲ ਹੀ ’ਚ ਮੇਅਰ ਵਨੀਤ ਧੀਰ ਤੇ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਦੀ ਲੋਕ ਨਿਰਮਾਣ ਵਿਭਾਗ ਦੇ ਐੱਸਈ ਮਨਜੀਤ ਸਿੰਘ ਸੈਣੀ ਨਾਲ ਮੀਟਿੰਗ ਹੋਈ ਹੈ। ਮੇਅਰ ਨੇ ਦੱਸਿਆ ਕਿ ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਹੈ ਕਿ ਚੁਗਿੱਟੀ ਵੱਲੋਂ ਆਰਓਬੀ ’ਤੇ ਚੜ੍ਹਨ ਵਾਲੇ ਰੈਂਪ ਦੇ ਮੁਕਾਬਲੇ ਲੱਧੇਵਾਲੀ ਵੱਲੋਂ ਉਤਰਣ ਵਾਲੇ ਰੈਂਪ ਦੀ ਲੰਬਾਈ ਵੱਧ ਹੈ। ਇਸ ਲਈ ਉਤਰਣ ਵਾਲੇ ਰੈਂਪ ਦੀ ਲਗਪਗ 45 ਫੁੱਟ ਲੰਬਾਈ ਨੂੰ ਘਟਾਇਆ ਜਾਵੇਗਾ, ਜਿਸ ਤੋਂ ਬਾਅਦ ਹਾਈਟੈਂਸ਼ਨ ਤਾਰਾਂ ਦਾ ਖ਼ਤਰਾ ਖਤਮ ਹੋ ਜਾਵੇਗਾ। ਲੰਬਾਈ ਘਟਣ ਤੋਂ ਬਾਅਦ ਰੈਂਪ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ, ਜਿੱਥੇ ਆਵਾਜਾਈ ’ਚ ਕਿਸੇ ਵੀ ਕਿਸਮ ਦਾ ਖ਼ਤਰਾ ਨਹੀਂ ਰਹੇਗਾ।
---
58 ਲੱਖ ਦਾ ਖ਼ਰਚਾ, ਨਗਰ ਲਾਏਗਾ ਟੈਂਡਰ
ਮੇਅਰ ਵਨੀਤ ਧੀਰ ਨੇ ਦੱਸਿਆ ਕਿ ਰੇਲਵੇ ਓਵਰ ਬ੍ਰਿਜ ਦੇ ਰੈਂਪ ਦੇ ਸੁਧਾਰ ’ਚ ਲਗਪਗ 58 ਲੱਖ ਰੁਪਏ ਦਾ ਖਰਚਾ ਆਵੇਗਾ। ਜੋ ਨਿਗਮ ਫੰਡ ’ਚੋਂ ਖਰਚਿਆ ਜਾਵੇਗਾ। ਇਸ ਲਈ ਛੇਤੀ ਹੀ ਹੋਣ ਵਾਲੀ ਨਗਰ ਬਜਟ ਸਦਨ ਦੀ ਮੀਟਿੰਗ ’ਚ ਮਨਜ਼ੂਰੀ ਮਗਰੋਂ ਟੈਂਡਰ ਲਾਇਆ ਜਾਵੇਗਾ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਐੱਸਈ ਨੂੰ ਕਿਹਾ ਗਿਆ ਹੈ ਕਿ ਉਹ ਆਰਓਬੀ ਦੇ ਡਿਜ਼ਾਈਨ ਤੋਂ ਲੈ ਕੇ ਰੈਂਪ ’ਚ ਸੁਧਾਰ ਦੇ ਕੰਮ ਲਈ ਵਿਭਾਗੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਤਾਂ ਜੋ ਟੈਂਡਰ ਲਗਣ ਤੋਂ ਬਾਅਦ ਜਲਦੀ ਕੰਮ ਸ਼ੁਰੂ ਹੋ ਸਕੇ।
---
23.50 ਕਰੋੜ ਨਾਲ ਬਣਿਆ ਆਰਓਬੀ
ਲੱਧੇਵਾਲੀ ਰੇਲਵੇ ਫਾਟਕ ਦੀ ਸਮੱਸਿਆ ਤੋਂ ਨਿਜਾਤ ਦਿਲਾਉਣ ਲਈ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਉਦੋਂ ਦੇ ਵਿਧਾਇਕ ਰਜਿੰਦਰ ਬੇਰੀ ਨੇ ਆਰਓਬੀ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ਸੀ। ਬਾਅਦ ’ਚ ਪੰਜਾਬ ਵਿਚ ਸੱਤਾ ਬਦਲੀ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ’ਚ ਆਰਓਬੀ ਬਣ ਕੇ ਤਿਆਰ ਹੋਇਆ ਪਰ ਉਸ ਸਮੇਂ ਤੋਂ ਹੀ ਹਾਈਟੈਂਸ਼ਨ ਤਾਰਾਂ ਦੇ ਕਾਰਨ ਪੁਲ ਦਾ ਉਦਘਾਟਨ ਰੁਕਿਆ ਰਿਹਾ। ਆਰਓਬੀ ਬਣਨ ਦੇ ਕਈ ਮਹੀਨੇ ਬਾਅਦ ਪਹਿਲਾਂ ਵਾਹਨਾਂ ਲਈ ਖੋਲ੍ਹਿਆ ਗਿਆ ਪਰ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਚਾਅ ਲਈ ਬੈਰੀਕੇਡ ਰੱਖੇ ਗਏ ਸਨ, ਜਿਨ੍ਹਾਂ ਨੂੰ ਹਾਲ ਹੀ ਵਿਚ ਹਟਾਇਆ ਗਿਆ ਹੈ। ਇਸੇ ਕਾਰਨ ਆਰਓਬੀ ਲਗਾਤਾਰ ਵਿਵਾਦਾਂ ਵਿਚ ਰਿਹਾ ਹੈ।
---
ਨਗਰ ਕਮਿਸ਼ਨਰ ਨਾਲ ਕਰਨਗੇ ਮੀਟਿੰਗ : ਕੋਹਲੀ
ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਮੇਅਰ ਵਨੀਤ ਧੀਰ ਤੇ ਨਗਰ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੀਟਿੰਗ ਹੋਣੀ ਹੈ। ਹੋ ਸਕਦਾ ਹੈ ਕਿ ਇਸ ਕੰਮ ਨੂੰ ਲੋਕ ਨਿਰਮਾਣ ਵਿਭਾਗ ਦੀ ਬਜਾਏ ਨਗਰ ਨੂੰ ਹੀ ਕਰਨਾ ਪਵੇ। ਕਾਰਨ ਆਰਓਬੀ ਦੀ ਡਿਜ਼ਾਈਨ ’ਚ ਹੀ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜੋ ਵਿਭਾਗ ਦੇ ਇੰਜੀਨੀਅਰਾਂ ਦੀ ਲਾਪਰਵਾਹੀ ਕਾਰਨ ਹੋਈਆਂ ਹਨ। ਹੁਣ ਲੋਕ ਨਿਰਮਾਣ ਵਿਭਾਗ ਵਾਲੇ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ, ਇਸ ਲਈ ਹੋ ਸਕਦਾ ਹੈ ਕਿ ਨਗਰ ਪ੍ਰਸ਼ਾਸਨ ਨੂੰ ਆਰਓਬੀ ਵਿਚ ਸੁਧਾਰ ਦਾ ਕੰਮ ਕਰਵਾਉਣਾ ਪਵੇ।