ਨੰਗਲ ਸ਼ਾਮਾਂ ਸਾਈਟ 'ਤੇ

ਨੰਗਲ ਸ਼ਾਮਾਂ ਸਾਈਟ 'ਤੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਮਿਲਣ ਮਗਰੋਂ ਇਸੇ ਹਫ਼ਤੇ ਸ਼ੁਰੂ ਹੋ ਸਕਦੈ ਕੰਮ
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਨੇ ਐੱਨਜੀਟੀ ਤੋਂ ਰਾਹਤ ਮਿਲਣ ਮਗਰੋਂ ਪਿਟਸ ਪ੍ਰੋਜੈਕਟ 'ਤੇ ਕੰਮ ਅੱਗੇ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਚਾਰ ਸਾਈਟਾਂ ’ਤੇ ਕੰਮ ਕੀਤਾ ਜਾਵੇਗਾ ਤੇ ਬਾਅਦ ਵਿਚ ਨਵੀਆਂ ਥਾਵਾਂ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ। ਨੰਗਲ ਸ਼ਾਮਾਂ ਸਾਈਟ 'ਤੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਮਿਲਣ ਮਗਰੋਂ ਨਗਰ ਨਿਗਮ ਇਸ ਹਫਤੇ ਇੱਥੇ ਕੰਮ ਸ਼ੁਰੂ ਕਰ ਸਕਦਾ ਹੈ। ਤਿਆਰੀ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਸਾਈਟ ਦਾ ਦੌਰਾ ਕੀਤਾ ਜਾਵੇਗਾ ਤੇ ਮੀਟਿੰਗ ਕਰਕੇ ਤਿਆਰੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਸਮੇਂ ਨਗਰ ਨਿਗਮ ਫੋਲਡ਼ੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਪਲੈਕਸ ’ਚ 55 ਪਿਟਸ ’ਚ ਕੂੜੇ ਨੂੰ ਖੁਰਾਕ ਵਿਚ ਬਦਲ ਰਿਹਾ ਹੈ। ਨੰਗਲ ਸ਼ਾਮਾਂ ’ਚ ਨਗਰ ਨਿਗਮ ਨੇ 32 ਪਿਟਸ ਬਣਾਏ ਸਨ ਤੇ ਕੂੜੇ ਨੂੰ ਖਾਦ ’ਚ ਬਦਲਣ ਦਾ ਕੰਮ ਵੀ ਸ਼ੁਰੂ ਕੀਤਾ ਸੀ ਪਰ ਇਸ ਦੇ ਨਾਲ ਹੀ ਲੱਗਦੀ ਕਿੰਗ ਅਪਾਰਟਮੈਂਟ ਵੈੱਲਫੇਅਰ ਸੁਸਾਇਟੀ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜਾਣ ਕਾਰਨ ਕੰਮ ਰੁਕ ਗਿਆ ਸੀ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਥੇ ਕੂੜੇ ਦੀ ਪ੍ਰੋਸੈਸਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਸ ਦੀ ਮਾਨੀਟਰਿੰਗ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਰਦਾ ਰਹੇਗਾ। ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸਾਈਟ ਦਾ ਦੌਰਾ ਕਰਕੇ ਪੂਰੀ ਤਿਆਰੀ ਦਾ ਜਾਇਜ਼ਾ ਲਿਆ ਜਾਵੇਗਾ ਤੇ ਇਸ ਹਫਤੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਬੜਿੰਗ ਤੇ ਦਕੋਹਾ ਵਿਚ ਵੀ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਦਕੋਹਾ ’ਚ 55 ਅਤੇ ਬੜਿੰਗ ’ਚ 24 ਪਿਟਸ ਬਣੇ ਹੋਏ ਹਨ। ਇੱਥੇ ਵੀ ਸਟਾਫ ਭਰਤੀ ਕਰ ਲਿਆ ਗਿਆ ਹੈ। ਸਾਰੇ ਪਿਟਸ ਲਾਉਣ ਲਈ ਸਟਾਫ਼ ਭਰਤੀ ਕਰਨ ਲਈ ਟੈਂਡਰ ਲਾਇਆ ਗਿਆ ਸੀ ਜੋ ਸਿਰੇ ਚੜ੍ਹ ਗਿਆ ਹੈ। ਨਗਰ ਨਿਗਮ ਨੇ ਬਸਤੀ ਸ਼ੇਖ ਡੰਪ ਸਾਈਟ 'ਤੇ ਵੀ ਪਿਟਸ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਇਸ ਸਮੇਂ ਇੱਥੇ ਕੰਮ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਨਗਰ ਨਿਗਮ ਹੋਰ ਸਾਈਟਾਂ 'ਤੇ ਵੀ ਇਹ ਪ੍ਰੋਜੈਕਟ ਲਾ ਸਕਦਾ ਹੈ। ਨਗਰ ਨਿਗਮ ਇਨ੍ਹਾਂ ਸਾਰੀਆਂ ਸਾਈਟਾਂ 'ਤੇ ਮਸ਼ੀਨਰੀ ਵੀ ਲਾਏਗਾ ਜੋ ਕੂੜੇ ਨੂੰ ਛੋਟੇ ਟੁਕੜਿਆਂ ਵਿਚ ਬਦਲਣ ਅਤੇ ਗਿੱਲੇ ਤੋਂ ਸੁੱਕੇ ਕੂੜੇ ਨੂੰ ਅਲੱਗ ਕਰਨ ਵਿਚ ਸਹਾਇਤਾ ਕਰੇਗੀ।
---
ਖਾਦ ’ਚ ਬਦਲੇਗਾ 25000 ਘਰਾਂ ਦਾ ਕੂੜਾ
ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਚਾਰ ਸਾਈਟਾਂ 'ਤੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਹੋਣ ਨਾਲ ਲਗਪਗ 25000 ਘਰਾਂ ਦਾ ਕੂੜਾ ਖਾਦ ਵਿਚ ਬਦਲਿਆ ਜਾ ਸਕੇਗਾ। ਰੋਜ਼ਾਨਾ ਲਗਪਗ 50 ਤੋਂ 60 ਟਨ ਕੂੜੇ ਦੀ ਪ੍ਰੋਸੈਸਿੰਗ ਹੋ ਸਕੇਗੀ। ਇਸ ਨਾਲ ਨਵੇਂ ਕੂੜੇ ਨੂੰ ਖਤਮ ਕਰਨਾ ਆਸਾਨ ਹੋਵੇਗਾ ਤੇ ਸਵੱਛਤਾ ਰੈਂਕਿੰਗ ਵਿਚ ਵੀ ਜਲੰਧਰ ਨਗਰ ਨਿਗਮ ਨੂੰ ਫਾਇਦਾ ਮਿਲੇਗਾ। ਇਸ ਪ੍ਰੋਜੈਕਟ ਨੂੰ ਹੋਰ ਡੰਪ ਸਾਈਟਾਂ 'ਤੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਜਿਸ ਇਲਾਕੇ ਦਾ ਕੂੜਾ ਹੈ, ਉਸ ਇਲਾਕੇ ’ਚ ਪ੍ਰੋਸੈਸ ਹੋ ਸਕੇ।
---
ਕਿੰਗ ਅਪਾਰਟਮੈਂਟ ਦੇ ਕੂੜੇ ਦੀ ਵੀ ਹੋਵੇਗੀ ਜਾਂਚ
ਨਗਰ ਨਿਗਮ ਕਿੰਗ ਅਪਾਰਟਮੈਂਟ ਤੋਂ ਨਿਕਲਣ ਵਾਲੇ ਕੂੜੇ ਦੀ ਪ੍ਰੋਸੈਸਿੰਗ ਨੂੰ ਲੈ ਕੇ ਵੀ ਜਾਂਚ ਕਰੇਗਾ। ਕਿੰਗਸ ਅਪਾਰਟਮੈਂਟ ਸੁਸਾਇਟੀ ਕਾਰਨ ਹੀ ਪਿਟਸ ਪ੍ਰੋਜੈਕਟ 7 ਸਾਲਾਂ ਤੱਕ ਅੱਗੇ ਨਹੀਂ ਵਧ ਸਕਿਆ। ਸਾਰੇ ਅਪਾਰਟਮੈਂਟਾਂ ਲਈ ਜ਼ਰੂਰੀ ਹੈ ਕਿ ਉਹ ਅਪਾਰਟਮੈਂਟਾਂ ’ਚੋਂ ਨਿਕਲਣ ਵਾਲੇ ਕੂੜੇ ਨੂੰ ਖਾਦ ਵਿਚ ਬਦਲਣ। ਜੇ ਅਪਾਰਟਮੈਂਟ ਕੰਪਲੈਕਸ ’ਚ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋ ਰਹੀ ਹੋਵੇਗੀ ਤਾਂ ਨਗਰ ਨਿਗਮ ਚਲਾਨ ਕੱਟੇਗਾ। ਨਗਰ ਨਿਗਮ ਦੀ ਟੀਮ ਮੰਗਲਵਾਰ ਨੂੰ ਇਸ ਦੀ ਜਾਂਚ ਕਰੇਗੀ।
---
ਬਰਸਾਤ ਤੋਂ ਪਹਿਲਾਂ ਇੰਫ੍ਰਾਸਟ੍ਰਕਚਰ ਠੀਕ ਕਰਨ ਦੇ ਨਿਰਦੇਸ਼
ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਪੰਜਾਬ ਦੇ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਮਾਨਸੂਨ ਤੋਂ ਪਹਿਲਾਂ ਸ਼ਹਿਰ ’ਚ ਇੰਫ੍ਰਾਸਟ੍ਰਕਚਰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਨੇ ਨਿਗਮ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਬਰਸਾਤ ਆਉਣ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਖਰਾਬ ਸੜਕਾਂ ਦਾ ਨਿਰਮਾਣ ਕਰ ਲਿਆ ਜਾਵੇ। ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਕੀਤਾ ਜਾਵੇ ਤੇ ਸੁਪਰ ਸੱਕਸ਼ਨ ਮਸ਼ੀਨ ਨਾਲ ਜਿੱਥੇ-ਜਿੱਥੇ ਸਫਾਈ ਹੋਣੀ ਹੈ, ਉੱਥੇ ਸੀਵਰ ਦੀ ਸਫਾਈ ਹੋ ਜਾਵੇ। ਰੋਡ ਤੇ ਗਲੀਆਂ ਦੀ ਸਫਾਈ ਵੀ ਸਮੇਂ 'ਤੇ ਕਰਵਾਈ ਜਾਵੇ। ਇਸ ਤੋਂ ਇਲਾਵਾ ਸਾਰੇ ਡਿਸਪੋਜ਼ਲ, ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਪੂਰੀ ਸਮਰੱਥਾ ਨਾਲ ਕੰਮ ਕਰਦੇ ਰਹਿਣ। ਬਰਸਾਤ ਦੌਰਾਨ ਕੂੜਾ ਉਠਾਉਣ ਵਿਚ ਰੁਕਾਵਟ ਨਾ ਆਵੇ, ਇਸ ਦੇ ਵੀ ਇੰਤਜ਼ਾਮ ਹੋਣ ਚਾਹੀਦੇ ਹਨ। ਮੰਤਰੀ ਨੇ ਨਗਰ ਨਿਗਮ ਤੋਂ ਸ਼ਹਿਰ ਦੀ ਸਥਿਤੀ ’ਤੇ ਰਿਪੋਰਟ ਲਈ ਨਿਰਦੇਸ਼ ਦਿੱਤਾ ਹੈ ਤਾਂ ਕਿਹਾ ਹੈ ਉਹ ਹਰ 15 ਦਿਨ ਬਾਅਦ ਰਿਪੋਰਟ ਦਿੰਦੇ ਰਹਿਣ।