-ਕੱਚੇ ਮਾਲ ਦੀਆਂ ਕੀਮਤਾਂ

-ਕੱਚੇ ਮਾਲ ਦੀਆਂ ਕੀਮਤਾਂ ਮਹਿੰਗੀਆਂ ਹੋਣ ਕਾਰਨ 30 ਤੋਂ 40 ਫ਼ੀਸਦੀ ਤੱਕ ਹੋ ਸਕਦੈ ਵਾਧਾ
- ਹਵਾਈ ਕੋਰੀਅਰ ਦੀ ਕੀਮਤ 200 ਤੋਂ ਵਧ ਕੇ 400 ਤੋਂ 450 ਰੁਪਏ ਪ੍ਰਤੀ ਕਿੱਲੋ ਹੋਈ
ਕਮਲ ਕਿਸ਼ੋਰ, ਜਾਗਰਣ, ਜਲੰਧਰ : ਇਜ਼ਰਾਈਲ-ਈਰਾਨ ਜੰਗ ਕਾਰਨ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਇਸ ਸਬੰਧੀ ਹੈਂਡ ਟੂਲਜ਼ ਤੇ ਆਟੋ ਪਾਰਟਸ ਉਦਯੋਗ ਉਤਪਾਦਾਂ ਦੀਆਂ ਕੀਮਤਾਂ 30 ਤੋਂ 40 ਫ਼ੀਸਦੀ ਤੱਕ ਵਧਾਉਣ ਦੀ ਤਿਆਰੀ ਕਰ ਰਹੀ ਹੈ। ਉਦਯੋਗਪਤੀਆਂ ਨੇ ਦੋ ਹਫ਼ਤਿਆਂ ’ਚ ਕੀਮਤਾਂ ਵਧਾਉਣ ਦਾ ਐਲਾਨ ਕਰਨ ਦੀ ਸੰਭਾਵਨਾ ਪ੍ਰਗਟਾਈ ਹੈ। ਉਦਯੋਗ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਜੇ ਉਤਪਾਦਾਂ ਦੀਆਂ ਕੀਮਤਾਂ ਵਧਣ ਮਗਰੋਂ ਖਰੀਦਦਾਰ ਨਵੇਂ ਆਰਡਰ ਨਹੀਂ ਦੇਣਗੇ ਤਾਂ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ।
ਹੈਂਡ ਟੂਲਜ਼ ਤੇ ਆਟੋ ਪਾਰਟਸ ਦੀ ਤਿਆਰੀ ’ਚ ਇੰਗਟ ਤੇ ਸਟੀਲ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਹਾਈ ਸਪੀਡ ਡੀਜ਼ਲ ਵੀ ਮਹਿੰਗਾ ਮਿਲ ਰਿਹਾ ਹੈ। ਜੰਗ ਕਾਰਨ ਸਟੀਲ ਕੰਪਨੀਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਦਾ ਅਸਰ ਉਦਯੋਗ 'ਤੇ ਪੈ ਰਿਹਾ ਹੈ। ਯੁੱਧ ਕਾਰਨ ਹਵਾਈ ਕੋਰੀਅਰ ਵੀ ਮਹਿੰਗਾ ਹੋ ਗਿਆ ਹੈ। ਨਾਲ ਹੀ, ਹੈਂਡ ਟੂਲਜ਼ ਤੇ ਆਟੋ ਪਾਰਟਸ ਦੀ ਬਰਾਮਦ ਵੀ ਰੁਕ ਗਈ ਹੈ। ਵਿਦੇਸ਼ੀ ਖਰੀਦਦਾਰਾਂ ਨੇ ਆਪਣੇ ਆਰਡਰ ਹੋਲਡ ਕਰਵਾ ਲਏ ਹਨ। ਜਿਨ੍ਹਾਂ ਕੋਲ ਆਰਡਰ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਮਜ਼ਦੂਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਹਵਾਈ ਕੋਰੀਅਰ ਦੀ ਕੀਮਤ ਪਹਿਲਾਂ 150 ਤੋਂ 200 ਰੁਪਏ ਪ੍ਰਤੀ ਕਿੱਲੋ ਸੀ, ਹੁਣ ਇਹ ਵਧ ਕੇ 400 ਤੋਂ 450 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਭੇਜੇ ਜਾਣ ਵਾਲੇ ਸਾਮਾਨ ਦੀ ਇੰਸ਼ੋਰੈਂਸ ਤੇ ਸ਼ਿਪਮੈਂਟ ਵਿਚ ਵੀ 20 ਤੋਂ 30 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਚੁੱਕਾ ਹੈ।
ਜੰਗ ਨੇ ਚੁਣੌਤੀਆਂ ਵਧਾਈਆਂ, ਕੀਮਤਾਂ ਵਧਾਉਣਾ ਬਣੀ ਮਜਬੂਰੀ
ਜੇਐੱਮਪੀ ਉਦਯੋਗ ਦੇ ਐੱਮਡੀ ਬਲਰਾਮ ਕਪੂਰ ਨੇ ਕਿਹਾ ਕਿ ਲੋਹੇ ਦੇ ਨਾਲ-ਨਾਲ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਆਉਣ ਵਾਲੇ ਦਿਨਾਂ ’ਚ ਉਤਪਾਦ ਮਹਿੰਗੇ ਹੋ ਸਕਦੇ ਹਨ। ਜੰਗ ਕਾਰਨ ਹਵਾਈ ਕੋਰੀਅਰ, ਸ਼ਿਪਮੈਂਟ, ਕੰਟੇਨਰ ਤੇ ਇੰਸ਼ੋਰੈਂਸ ਮਹਿੰਗੇ ਹੋ ਚੁੱਕੇ ਹਨ, ਜਿਸ ਦਾ ਸਿੱਧਾ ਅਸਰ ਉਦਯੋਗ 'ਤੇ ਪੈ ਰਿਹਾ ਹੈ। ਦੂਜੇ ਪਾਸੇ, ਐੱਚਆਰ ਉਦਯੋਗ ਦੇ ਐੱਮਡੀ ਸੁਰੇਸ਼ ਸ਼ਰਮਾ ਨੇ ਕਿਹਾ ਕਿ ਯੁੱਧ ਦਾ ਪ੍ਰਭਾਵ ਉਦਯੋਗ ਦੇ ਕਾਰੋਬਾਰ ’ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਗੈਸ ਦੀ ਸਪਲਾਈ ਨਾਂ-ਮਾਤਰ ਹੈ। ਵਪਾਰਕ ਸਿਲੰਡਰ ਮਹਿੰਗੇ ਹੋਣ ਕਾਰਨ ਵੀ ਪ੍ਰਭਾਵ ਪੈਣਾ ਹੈ। ਉਦਯੋਗ ਨੂੰ ਕੱਚਾ ਮਾਲ ਮਹਿੰਗਾ ਮਿਲਣ ਕਾਰਨ ਮਜਬੂਰੀ ’ਚ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ।
---
ਈਰਾਨ ਨਾਲ ਕਾਰੋਬਾਰ
- ਆਟੋ ਪਾਰਟਸ : 170 ਤੋਂ 210 ਕਰੋੜ
- ਹੈਂਡ ਟੂਲਜ਼ : 60 ਤੋਂ 80 ਕਰੋੜ
- ਕਾਸਟਿੰਗ ਫੋਰਜਿੰਗ : 50 ਤੋਂ 60 ਕਰੋੜ
- ਨਟ ਬੋਲਟ : 40 ਤੋਂ 60 ਕਰੋੜ
- ਖੇਤੀਬਾੜੀ ਦੇ ਪਾਰਟਸ : 40 ਤੋਂ 50 ਕਰੋੜ।