ਬਾਬਾ ਸਾਹਿਬ ਦੇ 135ਵੇਂ ਜਨਮ ਉਤਸਵ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ 'ਚ

-ਪ੍ਰੋਫੈਸਰ ਅਨਵਰ ਪਾਸ਼ਾ ਮੁੱਖ ਮਹਿਮਾਨ ਤੇ ਕਾਮਰੇਡ ਮੰਗਤ ਰਾਮ ਪਾਸਲਾ ਹੋਣਗੇ ਮੁੱਖ ਬੁਲਾਰੇ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੀਟਿੰਗ ਬਾਅਦ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੁਸਾਇਟੀ ਵੱਲੋਂ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ’ਚ ਮਨਾਏ ਜਾਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135 ਵੇਂ ਜਨਮ ਉਤਸਵ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਅੰਬੇਡਕਰ ਭਵਨ ਵਿਖੇ ਮਨਾਏ ਜਾਣ ਵਾਲੇ ਇਸ ਸਮਾਗਮ ’ਚ ਹਰ ਵਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਅੰਬੇਡਕਰ ਮਿਸ਼ਨ ’ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਲੋਕਾਂ ਦੇ ਰੂਬਰੂ ਕਰਵਾਏ ਜਾਂਦੇ ਹਨ। ਇਸ ਵਾਰ ਪ੍ਰੋਫੈਸਰ ਅਨਵਰ ਪਾਸ਼ਾ, ਸਾਬਕਾ ਚੇਅਰਪਰਸਨ, ਭਾਰਤੀ ਭਾਸ਼ਾਵਾਂ ਕੇਂਦਰ, ਜੇਐੱਨਯੂ ਨਵੀਂ ਦਿੱਲੀ, ਮੁੱਖ ਮਹਿਮਾਨ ਵਜੋਂ ਪਧਾਰ ਰਹੇ ਹਨ ਤੇ ਕਾਮਰੇਡ ਮੰਗਤ ਰਾਮ ਪਾਸਲਾ ਪ੍ਰਸਿੱਧ ਸਮਾਜਿਕ ਚਿੰਤਕ ਤੇ ਮਜ਼ਦੂਰ ਨੇਤਾ ਮੁੱਖ ਬੁਲਾਰੇ ਵਜੋਂ ਸਮਾਗਮ ’ਚ ਸ਼ਾਮਲ ਹੋ ਰਹੇ ਹਨ। ਹੋਰ ਬੁੱਧੀਜੀਵੀਆਂ ਤੋਂ ਇਲਾਵਾ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਤੇ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੰਨੀ ਥਾਪਰ ਅੰਬੇਡਕਰ ਮਿਸ਼ਨ ’ਤੇ ਵਿਚਾਰ ਪੇਸ਼ ਕਰਨਗੇ। ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰਕੇ ਤੇ ਪਾਰਟੀ ਲੁਧਿਆਣਾ ਵੀ ਆਪਣੇ ਗੀਤ ਸੰਗੀਤ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ’ਤੇ ਚਾਨਣਾ ਪਾਉਣਗੇ।
ਬਲਦੇਵ ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਭਵਨ ਇਕ ਇਤਿਹਾਸਿਕ ਸਥਾਨ ਹੈ ਜਿੱਥੇ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਆਏ ਸਨ ਤੇ ਲੱਖਾਂ ਲੋਕਾਂ ਨੂੰ ਇਕ ਵਿਸ਼ਾਲ ਰੈਲੀ ’ਚ ਸੰਬੋਧਤ ਹੋਏ ਸਨ। ਪ੍ਰਸਿੱਧ ਅੰਬੇਡਕਰਵਾਦੀ, ਮਹਾਨ ਚਿੰਤਕ, ਨਿਡਰ ਬੁਲਾਰੇ ਤੇ ਭੀਮ ਪਤ੍ਰਿਕਾ ਦੇ ਸੰਪਾਦਕ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇਕ-ਇਕ ਰੁਪਈਆ ਇਕੱਠਾ ਕਰਕੇ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਹ ਭੂਮੀ 1963 ’ਚ ਖਰੀਦ ਕੇ ਤੇ ਇਸ ਦੀ ਦੇਖਭਾਲ ਕਰਨ ਲਈ 1972 ’ਚ ਅੰਬੇਡਕਰ ਭਵਨ ਟਰੱਸਟ ਦੇ ਨਾਂ ’ਤੇ ਟਰੱਸਟ ਬਣਾਇਆ। ਫਿਰ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਸ ਜ਼ਮੀਨ 'ਤੇ ਸ਼ਾਨਦਾਰ ਅੰਬੇਡਕਰ ਭਵਨ ਬਣਾ ਕੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਧ੍ਰੋਹਰ ਕਾਇਮ ਕੀਤੀ। ਅੰਬੇਡਕਰ ਭਵਨ ਨਿਰੋਲ ਅੰਬੇਡਕਰੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।
ਇਸ ਮੌਕੇ ਡਾ. ਜੀਸੀ ਕੌਲ, ਐਡਵੋਕੇਟ ਹਰਭਜਨ ਸਾਂਪਲਾ, ਤਿਲਕ ਰਾਜ, ਕਮਲ ਕੁਮਾਰ, ਚਰਨ ਦਾਸ ਸੰਧੂ, ਡਾ. ਮਹਿੰਦਰ ਸੰਧੂ, ਪ੍ਰਿੰਸੀਪਲ ਪਰਮਜੀਤ ਜੱਸਲ, ਡਾ. ਕੇਐੱਸ ਫੁਲ, ਪ੍ਰੋ. ਅਸ਼ਵਨੀ ਜੱਸਲ, ਪ੍ਰੋ. ਅਸ਼ਵਨੀ ਵਾਲੀਆ, ਪਿਸ਼ੋਰੀ ਲਾਲ ਸੰਧੂ ਤੇ ਨਿਰਮਲ ਬਿੰਜੀ ਹਾਜ਼ਰ ਸਨ।