ਆਜ਼ਾਦ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਆਜ਼ਾਦ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
Publish Date: Sun, 04 Jan 2026 09:10 PM (IST)
Updated Date: Mon, 05 Jan 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਗੁਰਦੁਆਰਾ ਗੁਰੂ ਨਾਨਕ ਨਿਵਾਸ ਮੁਹੱਲਾ ਆਜ਼ਾਦ ਨਗਰ ਵਿਖੇ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨਾਂ ’ਚ ਭਾਈ ਮਨਪ੍ਰੀਤ ਸਿੰਘ ਸ਼ਾਹਕੋਟ ਵਾਲਿਆਂ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਨੇ ਜਬਰ ਤੇ ਜ਼ੁਲਮ ਖਿਲਾਫ਼ ਅਵਾਜ਼ ਬੁਲੰਦ ਕਰਦਿਆਂ ਆਪਣਾ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ। ਅੱਜ ਦੇ ਦਿਨ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਜਪਨੀਤ ਸਿੰਘ ਤੇ ਮਹੀਪ ਸਿੰਘ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਰਤਨ ਨੇ ਸਮੂਹ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਡਾ. ਕੁਲਦੀਪ ਸਿੰਘ, ਸੈਕਟਰੀ ਸੁਰਜੀਤ ਸਿੰਘ ਕੋਹਾੜ, ਖਜ਼ਾਨਚੀ ਮਨਜੀਤ ਸਿੰਘ ਚਾਨਾ, ਅਜੀਤ ਸਿੰਘ ਰੂਪਰਾ, ਗੁਰਮੇਜ ਸਿੰਘ ਥਿੰਦ, ਨਿਰਮਲ ਸਿੰਘ ਝੀਤਾ, ਮਾ. ਮਨਮੀਤ ਸਿੰਘ, ਕਰਨਜੋਤ ਸਿੰਘ, ਹਰਵਿੰਦਰ ਸਿੰਘ ਵਸੀਰ, ਤਰਲੋਚਨ ਸਿੰਘ ਵਸੀਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਾ. ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।