ਅਪ੍ਰੈਲ ’ਚ ਸ਼ੁਰੂ ਹੋਵੇਗਾ ਬਿਜਲੀ ਸਬ-ਸਟੇਸ਼ਨ ਦਾ ਕੰਮ
33 ਸਾਲਾਂ ਦੀ ਲੀਜ਼ 'ਤੇ ਪਾਵਰਕਾਮ ਨੇ ਲਈ ਜਗ੍ਹਾ, ਅਪ੍ਰੈਲ ਦੇ ਅੰਤ ਤੱਕ ਗਦਈਪੁਰ ’ਚ ਬਿਜਲੀ ਸਬ-ਸਟੇਸ਼ਨ ਦਾ ਕੰਮ ਸ਼ੁਰੂ ਹੋਵੇਗਾ
Publish Date: Tue, 07 Apr 2026 10:07 PM (IST)
Updated Date: Tue, 07 Apr 2026 10:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਦਈਪੁਰ ’ਚ ਬਿਜਲੀ ਸਬ-ਸਟੇਸ਼ਨ ਬਣਨ ਨਾਲ ਉਦਯੋਗਾਂ ਦੇ ਨਾਲ-ਨਾਲ ਨੇੜਲੇ ਇਲਾਕਿਆਂ ਨੂੰ ਵੱਡੀ ਰਾਹਤ ਮਿਲੇਗੀ। ਗਦਈਪੁਰ, ਰੰਧਾਵਾ ਮਸੰਦਾ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਸਥਿਤ ਉਦਯੋਗਾਂ ਨੂੰ ਇਸ ਸਬ-ਸਟੇਸ਼ਨ ਤੋਂ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪਾਵਰਕਾਮ ਨੇ ਗਦਈਪੁਰ ’ਚ 66 ਕੇਵੀ ਸਬ-ਸਟੇਸ਼ਨ ਲਈ ਲਗਭਗ ਇਕ ਏਕੜ ਜ਼ਮੀਨ ਲੀਜ਼ 'ਤੇ ਲੈ ਲਈ ਹੈ। ਅਪ੍ਰੈਲ ਦੇ ਅੰਤ ਤੱਕ ਇਸ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ। ਪਾਵਰਕਾਮ ਵੱਲੋਂ ਜਗ੍ਹਾ ਦਾ ਨਿਰੀਖਣ ਕਰਕੇ ਇਸ ਨੂੰ ਫਾਈਨਲ ਵੀ ਕਰ ਦਿੱਤਾ ਗਿਆ ਹੈ। ਪਾਵਰਕਾਮ ਦੇ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਤੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਸਬ-ਸਟੇਸ਼ਨ ਦਾ ਨਿਰਮਾਣ ਅਪ੍ਰੈਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਲੀਜ਼ ਲਈ ਗਈ ਜ਼ਮੀਨ ਦੀ ਡੀਡ 'ਤੇ ਦਸਤਖਤ ਹੋਣ ਬਾਕੀ ਹਨ, ਜਿਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਜੈਕਟ ਲਗਭਗ ਦਸ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਪੂਰਾ ਹੋਣ ਵਿੱਚ ਘੱਟੋ-ਘੱਟ ਇੱਕ ਸਾਲ ਲੱਗੇਗਾ। ਸਬ-ਸਟੇਸ਼ਨ ਤੱਕ ਜਾਣ ਵਾਲੇ ਰਸਤੇ ਦਾ ਨਿਰਮਾਣ ਵੀ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਰੋਸ਼ਨ ਪ੍ਰੋਜੈਕਟ ਤਹਿਤ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।