ਉਦਯੋਗਿਕ ਖੇਤਰ ’ਚ ਦੋ ਘੰਟੇ ਬਿਜਲੀ ਬੰਦ, ਕਾਰੋਬਾਰ ਪ੍ਰਭਾਵਿਤ
ਫੀਡਰਾਂ ਦੀ ਡੀਲੋਡਿੰਗ ਕਾਰਨ ਉਦਯੋਗਿਕ ਖੇਤਰ ’ਚ ਦੋ ਘੰਟੇ ਬਿਜਲੀ ਬੰਦ, ਕਾਰੋਬਾਰ ਪ੍ਰਭਾਵਿਤ
Publish Date: Tue, 06 Jan 2026 09:10 PM (IST)
Updated Date: Tue, 06 Jan 2026 09:11 PM (IST)

--11 ਕੇਵੀ ਉਦਯੋਗ ਨਗਰ ਫੀਡਰ ’ਚ ਫਾਲਟ, ਅੱਧਾ ਘੰਟਾ ਬਿਜਲੀ ਰਹੀ ਬੰਦ --ਕਈ ਖੇਤਰਾਂ ’ਚ ਡੇਢ ਤੋਂ ਦੋ ਘੰਟੇ ਤੱਕ ਬਿਜਲੀ ਬੰਦ ਰਹੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਦਈਪੁਰ ਰਾਜਾ ਗਾਰਡਨ ਦੇ ਉਦਯੋਗਿਕ ਖੇਤਰਾਂ ’ਚ ਫੀਡਰਾਂ ’ਚ ਵਾਰ-ਵਾਰ ਫਾਲਟ ਆ ਰਹੇ ਹਨ। ਇਸ ਕਾਰਨ ਬਿਜਲੀ ਇਕ ਤੋਂ ਡੇਢ ਘੰਟੇ ਤੱਕ ਬੰਦ ਰੱਖੀ ਜਾ ਰਹੀ ਹੈ। ਬਿਜਲੀ ਬੰਦ ਕਰਨ ਸਬੰਧੀ ਪਾਵਰਕਾਮ ਵੱਲੋਂ ਉਦਯੋਗਪਤੀਆਂ ਨੂੰ ਪਹਿਲਾਂ ਹੀ ਮੈਸੇਜ ਰਾਹੀਂ ਸੂਚਿਤ ਕਰ ਦਿੱਤਾ ਜਾਂਦਾ ਹੈ। ਹਫ਼ਤੇ ’ਚ ਦੋ ਤੋਂ ਤਿੰਨ ਵਾਰ ਇਕ ਤੋਂ ਦੋ ਘੰਟੇ ਤੱਕ ਬਿਜਲੀ ਬੰਦ ਰਹਿੰਦੀ ਹੈ। ਕਈ ਵਾਰ ਫੀਡਰਾਂ ਦੀ ਡੀਲੋਡਿੰਗ ਕਾਰਨ ਤਾਂ ਕਈ ਵਾਰ ਫੀਡਰ ’ਚ ਫਾਲਟ ਆਉਣ ਕਾਰਨ ਬਿਜਲੀ ਬੰਦ ਕੀਤੀ ਜਾਂਦੀ ਹੈ। ਬਿਜਲੀ ਬੰਦ ਰਹਿਣ ਨਾਲ ਕਾਰੋਬਾਰ ’ਤੇ ਮਾੜਾ ਅਸਰ ਪੈਂਦਾ ਹੈ। ਉਦਯੋਗਿਕ ਖੇਤਰ ਨਾਲ ਜੁੜੇ ਲੋਕ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਫੋਕਲ ਪੁਆਇੰਟ ਦਾ ਸਬ-ਸਟੇਸ਼ਨ ਓਵਰਲੋਡ ਚੱਲ ਰਿਹਾ ਹੈ। ਹਾਲਾਂਕਿ ਨਵਾਂ ਸਬ-ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ ਪਰ ਉਸ ਦੇ ਨਿਰਮਾਣ ’ਚ ਸਮਾਂ ਲੱਗੇਗਾ। ਮੰਗਲਵਾਰ ਨੂੰ ਵੀ 11 ਕੇਵੀ ਵਿਵੇਕਾਨੰਦ ਫੀਡਰ, ਬਾਬਾ ਮੰਦਰ ਫੀਡਰ ਤੇ ਗਦਈਪੁਰ ਫੀਡਰ ਨੂੰ ਡੀਲੋਡਿੰਗ ਕਾਰਨ, ਇਨ੍ਹਾਂ ਦੇ ਅਧੀਨ ਆਉਣ ਵਾਲੇ ਇਲਾਕਿਆਂ ’ਚ ਇਕ ਤੋਂ ਡੇਢ ਘੰਟੇ ਤੱਕ ਬਿਜਲੀ ਬੰਦ ਰਹੀ। ਡੀਲੋਡਿੰਗ ਨੂੰ ਲੈ ਕੇ ਕੁੱਲ ਸੱਤ ਫੀਡਰ ਬੰਦ ਕੀਤੇ ਗਏ। ਦੂਜੇ ਪਾਸੇ 11 ਕੇਵੀ ਉਦਯੋਗ ਨਗਰ ਫੀਡਰ ’ਚ ਫਾਲਟ ਆਉਣ ਕਾਰਨ 20 ਤੋਂ 30 ਮਿੰਟ ਤੱਕ ਬਿਜਲੀ ਬੰਦ ਰਹੀ। 3 ਜਨਵਰੀ ਨੂੰ 11 ਕੇਵੀ ਰਾਮ ਵਿਹਾਰ ਤੇ 11 ਕੇਵੀ ਟਾਵਰ ਫੀਡਰ ’ਚ ਫਾਲਟ ਆਉਣ ਕਾਰਨ ਇਕ ਘੰਟਾ ਬਿਜਲੀ ਬੰਦ ਰੱਖੀ ਗਈ ਸੀ। ------------------------------- ਫੋਕਲ ਪੁਆਇੰਟ ਸਬ ਸਟੇਸ਼ਨ ਤੋਂ ਦਿੱਤੀ ਜਾ ਰਹੀ ਹੈ ਬਿਜਲੀ ਸਪਲਾਈ ਗਦਈਪੁਰ, ਰੰਧਾਵਾ ਮਸੰਦਾ, ਬੱਲਾਂ, ਰਾਇਪੁਰ ਰਸੂਲਪੁਰ ਤੇ ਹੋਰ ਉਦਯੋਗਿਕ ਖੇਤਰਾਂ ਨੂੰ ਫੋਕਲ ਪੁਆਇੰਟ ਸਬ ਸਟੇਸ਼ਨ ਤੋਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜੋ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ। ਲੋਡ ਵੱਧ ਹੋਣ ਕਾਰਨ ਵਾਰ-ਵਾਰ ਟ੍ਰਿਪਿੰਗ ਹੁੰਦੀ ਹੈ, ਜਿਸ ਨਾਲ ਫਾਲਟ ਪੈਦਾ ਹੁੰਦੇ ਹਨ ਤੇ ਬਿਜਲੀ ਸਪਲਾਈ ’ਚ ਰੁਕਾਵਟ ਆਉਂਦੀ ਹੈ। ਫੋਕਲ ਪੁਆਇੰਟ ’ਚ ਨਵੇਂ ਸਬ ਸਟੇਸ਼ਨ ਦੀ ਲੋੜ ਹੈ ਤੇ ਇਸ ਦੀ ਉਸਾਰੀ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। --------------------- --- ਐੱਮਐੱਸਐੱਮਈ ਇੰਡਸਟਰੀਜ਼ ਪੰਜਾਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਵਾਰ-ਵਾਰ ਫਾਲਟ ਆਉਣ ਨਾਲ ਉਦਯੋਗਾਂ ਦੇ ਕਾਰੋਬਾਰ ’ਤੇ ਨਕਾਰਾਤਮਕ ਅਸਰ ਪੈਂਦਾ ਹੈ। ਇਸ ਖੇਤਰ ’ਚ ਉਦਯੋਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਫ਼ਤੇ ’ਚ ਦੋ ਤੋਂ ਤਿੰਨ ਵਾਰ ਫੀਡਰਾਂ ’ਚ ਫਾਲਟ ਆਉਣ ਕਾਰਨ ਬਿਜਲੀ ਬੰਦ ਰਹਿੰਦੀ ਹੈ। ਬਿਜਲੀ ਬੰਦ ਰਹਿਣ ਨਾਲ ਨਾ ਸਿਰਫ਼ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਸਗੋਂ ਜਨਰੇਟਰ ਦਾ ਸਹਾਰਾ ਵੀ ਲੈਣਾ ਪੈਂਦਾ ਹੈ। ------------------------ ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਉਕਤ ਖੇਤਰਾਂ ’ਚ ਸੱਤ ਫੀਡਰ ਬੰਦ ਰੱਖਣ ਲਈ ਪਰਮਿਟ ਲਿਆ ਗਿਆ ਸੀ। ਕਈ ਉਦਯੋਗਿਕ ਫੀਡਰਾਂ ਨੂੰ ਡੀਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਫਾਲਟ ਦੀ ਸੰਭਾਵਨਾ ਨਾ ਰਹੇ। ਆਉਟੇਜ ਰਿਡਕਸ਼ਨ ਪਲਾਨ ਅਨੁਸਾਰ ਫੀਡਰਾਂ ਨੂੰ ਵੱਖਰਾ ਕੀਤਾ ਜਾ ਰਿਹਾ ਹੈ। ਨਾਲ ਹੀ ਜਿਨ੍ਹਾਂ ਟ੍ਰਾਂਸਫਾਰਮਰਾਂ ’ਤੇ ਵੱਧ ਲੋਡ ਚੱਲ ਰਿਹਾ ਹੈ, ਉਨ੍ਹਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ ਤਾਂ ਜੋ ਘਰਾਂ ਨੂੰ ਲੋਡ ਤੇ ਫਾਲਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਫੀਡਰਾਂ ਨੂੰ ਡੀਲੋਡ ਕਰਨ ਲਈ, ਉਨ੍ਹਾਂ ਦੇ ਅਧੀਨ ਆਉਣ ਵਾਲੇ ਇਲਾਕਿਆਂ ਤੇ ਉਦਯੋਗਿਕ ਖੇਤਰਾਂ ’ਚ ਕੁਝ ਸਮੇਂ ਲਈ ਬਿਜਲੀ ਬੰਦ ਰੱਖੀ ਜਾਂਦੀ ਹੈ। ਬਿਜਲੀ ਬੰਦ ਕਰਨ ਦੀ ਸੂਚਨਾ ਪਹਿਲਾਂ ਹੀ ਉਦਯੋਗਪਤੀਆਂ ਨੂੰ ਮੈਸੇਜ ਰਾਹੀਂ ਦਿੱਤੀ ਜਾਂਦੀ ਹੈ।