ਚਿੱਠੀਆਂ ਸਮੇਤ ਡਾਕੀਏ ਦਾ ਸਾਈਕਲ ਚੋਰੀ
ਚਿੱਠੀਆਂ ਸਮੇਤ ਡਾਕੀਏ ਦਾ ਸਾਈਕਲ ਚੋਰੀ
Publish Date: Sun, 04 Jan 2026 06:19 PM (IST)
Updated Date: Mon, 05 Jan 2026 04:09 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਡਾਕਖਾਨੇ ’ਚ ਤਾਇਨਾਤ ਇਕ ਡਾਕੀਏ ਦਾ ਉਸ ਵੇਲੇ ਸਾਈਕਲ ਚਿੱਠੀਆਂ ਸਮੇਤ ਚੋਰੀ ਹੋ ਗਿਆ, ਜਦ ਉਹ ਪੁੱਡਾ ਕੰਪਲੈਕਸ ’ਚ ਚਿੱਠੀਆਂ ਵੰਡਣ ਲਈ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਜੀਪੀਓ ’ਚ ਤਾਇਨਾਤ ਰਾਮਦਾਸ ਵਾਸੀ ਪਿੰਡ ਲਾਂਬੜਾ ਹੈੱਡ ਆਫਿਸ ਤੋਂ ਚਿੱਠੀਆਂ ਲੈ ਕੇ ਸ਼ਹਿਰ ’ਚ ਵੰਡਣ ਲਈ ਆਪਣੇ ਸਾਈਕਲ ’ਤੇ ਜਾਂਦਾ ਸੀ। ਬੀਤੇ ਦਿਨ ਵੀ ਉਹ ਚਿੱਠੀਆਂ ਲੈ ਕੇ ਆਪਣੇ ਸਾਈਕਲ ’ਤੇ ਪੁੱਡਾ ਕੰਪਲੈਕਸ ਵੰਡਣ ਲਈ ਗਿਆ ਸੀ। ਜਦ ਉਹ ਚਿੱਠੀਆਂ ਲੈ ਕੇ ਪੁੱਡਾ ਕੰਪਲੈਕਸ ਅੰਦਰ ਇਕ ਦਫ਼ਤਰ ’ਚ ਗਿਆ ਤਾਂ ਆਪਣਾ ਸਾਈਕਲ ਬਿਨਾਂ ਤਾਲਾ ਲੱਗੇ ਹੀ ਕੰਪਲੈਕਸ ਦੇ ਬਾਹਰ ਖੜ੍ਹਾ ਕਰ ਗਿਆ। ਸਾਈਕਲ ਉੱਪਰ ਚਿੱਠੀਆਂ ਨਾਲ ਭਰਿਆ ਥੈਲਾ ਵੀ ਟੰਗਿਆ ਹੋਇਆ ਸੀ। ਜਦ ਕੁਝ ਸਮੇਂ ਬਾਅਦ ਉਹ ਪਰਤਿਆ ਤਾਂ ਉਸ ਦਾ ਸਾਈਕਲ ਗਾਇਬ ਸੀ। ਉਸ ਨੇ ਆਪਣਾ ਸਾਈਕਲ ਇਧਰ-ਉਧਰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ’ਚ ਕਾਮਯਾਬ ਨਹੀਂ ਹੋਇਆ। ਘਟਨਾ ਦੀ ਸੂਚਨਾ ਤੁਰੰਤ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਏਐੱਸਆਈ ਬਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਰਾਮਦਾਸ ਦੇ ਬਿਆਨ ਦਰਜ ਕੀਤੇ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਮਦਾਸ ਵੱਲੋਂ ਜਦ ਆਪਣਾ ਸਾਈਕਲ ਖੜ੍ਹਾ ਕੀਤਾ ਗਿਆ ਸੀ ਤਾਂ ਉਸ ਨੇ ਉਸ ਨੂੰ ਤਾਲਾ ਨਹੀਂ ਲਾਇਆ ਸੀ ਤੇ ਨਾ ਹੀ ਚਿੱਠੀਆਂ ਵਾਲਾ ਥੈਲਾ ਚੁੱਕ ਕੇ ਨਾਲ ਲੈ ਕੇ ਗਿਆ ਸੀ। ਫਿਲਹਾਲ ਉਨ੍ਹਾਂ ਰਾਮਦਾਸ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁੱਡਾ ਕੰਪਲੈਕਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।