ਪਤੀ ਤੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਤੇ ਧਮਕੀਆਂ ਦੇ ਲਾਏ ਦੋਸ਼
ਪੂਨਮ ਵੱਲੋਂ ਪਤੀ ਤੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਤੇ ਧਮਕੀਆਂ ਦੋਸ਼
Publish Date: Tue, 10 Feb 2026 08:15 PM (IST)
Updated Date: Tue, 10 Feb 2026 08:17 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਹਰੀਪੁਰ ਖਾਲਸਾ ਦੀ ਵਸਨੀਕ ਪੂਨਮ ਪਤਨੀ ਲਖਵੀਰ ਸਿੰਘ ਨੇ ਆਪਣੇ ਪਤੀ ਲਖਵੀਰ ਸਿੰਘ ਤੇ ਸਹੁਰੇ ਪਰਿਵਾਰ ’ਤੇ ਬਿਨਾਂ ਕਿਸੇ ਕਾਰਨ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਪੂਨਮ ਨੇ ਦੱਸਿਆ ਕਿ ਉਸਦਾ ਵਿਆਹ ਲਖਵੀਰ ਸਿੰਘ ਵਾਸੀ ਪਿੰਡ ਹਰੀਪੁਰ ਖਾਲਸਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਹਨ। ਪੂਨਮ ਅਨੁਸਾਰ, ਉਸਦੇ ਪਤੀ ਤੇ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਲਗਾਤਾਰ ਤਸ਼ੱਦਦ ਕੀਤਾ ਜਾਂਦਾ ਹੈ। ਹਾਲ ਹੀ ’ਚ ਉਸਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਉਸਦੀ ਐੱਮਐੱਲਆਰ ਤਿਆਰ ਕਰਕੇ ਥਾਣਾ ਫਿਲੌਰ ਨੂੰ ਭੇਜੀ ਗਈ ਪਰ ਪੀੜਤਾ ਦਾ ਦੋਸ਼ ਹੈ ਕਿ ਗੰਨਾ ਪਿੰਡ ਪੁਲਿਸ ਚੌਕੀ ਦੇ ਇੰਚਾਰਜ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਸਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਸਹੁਰੇ ਪਰਿਵਾਰ ਨੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਸਬੰਧੀ ਉਸਨੇ 23 ਦਸੰਬਰ ਨੂੰ ਥਾਣਾ ਫਿਲੌਰ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਪਰ ਦੋਸ਼ ਹੈ ਕਿ ਥਾਣੇਦਾਰ ਵੱਲੋਂ ਸਿਰਫ਼ ਇਕ ਵਾਰ ਬੁਲਾ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੂਨਮ ਦਾ ਕਹਿਣਾ ਹੈ ਕਿ ਹੁਣ ਥਾਣੇਦਾਰ ਵੱਲੋਂ “ਸਮਾਂ ਨਾ ਹੋਣ” ਦੀ ਗੱਲ ਕੀਤੀ ਜਾਂਦੀ ਹੈ। ਪੀੜਤਾ ਪੂਨਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਸਦੀ ਦਰਖ਼ਾਸਤ ’ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਉਸਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਲਖਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਕਿਸੇ ਤੀਜੇ ਵਿਅਕਤੀ ਦੇ ਫੋਨ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ। ਇਸ ਸਬੰਧੀ ਥਾਣਾ ਫਿਲੌਰ ਦੇ ਐੱਸਐੱਚਓ ਧਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ, ਪਰ ਸਹਿਮਤੀ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਦੋਹਾਂ ਪੱਖਾਂ ਨੂੰ ਮੁੜ ਬੁਲਾਇਆ ਗਿਆ ਹੈ ਤੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।