ਪੁਲਿਸ ਨਿਸ਼ਾਨੇ ’ਤੇ ਨਸ਼ਾ ਤਸਕਰ, ਇਕ ਮਹੀਨੇ ’ਚ ਪੁਰਾਣੇ ਮਾਮਲਿਆਂ ਦੇ 50 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਦੇ ਨਿਸ਼ਾਨੇ ’ਤੇ ਨਸ਼ਾ ਤਸਕਰ, ਇਕ ਮਹੀਨੇ ’ਚ ਪੁਰਾਣੇ ਮਾਮਲਿਆਂ ਦੇ 50 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
Publish Date: Sun, 11 Jan 2026 09:32 PM (IST)
Updated Date: Mon, 12 Jan 2026 04:18 AM (IST)

- ਇਕ ਸਾਲ ’ਚ 600 ਤੋਂ ਵੱਧ ਤਸਕਰ ਕਾਬੂ, ਚਿੱਟਾ ਤੇ ਹੈਰੋਇਨ ਬਰਾਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਬੀਤੇ ਇਕ ਮਹੀਨੇ ਦੌਰਾਨ ਪੁਲਿਸ ਨੇ ਪੈਂਡਿੰਗ ਮਾਮਲਿਆਂ ਦੀਆਂ ਫਾਈਲਾਂ ਮੁੜ ਖੋਲ੍ਹਦਿਆਂ 50 ਤੋਂ ਵੱਧ ਲੁੜੀਂਦੇ ਤੇ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮ ਲੰਬੇ ਸਮੇਂ ਤੋਂ ਫ਼ਰਾਰ ਸਨ ਤੇ ਵੱਖ-ਵੱਖ ਥਾਣਿਆਂ ’ਚ ਦਰਜ ਐੱਨਡੀਪੀਐੱਸ ਐਕਟ ਸਮੇਤ ਗੰਭੀਰ ਧਾਰਾਵਾਂ ਦੇ ਮਾਮਲਿਆਂ ’ਚ ਲੋੜੀਂਦੇ ਚੱਲ ਰਹੇ ਸਨ। ਕਈ ਮੁਲਜ਼ਮ ਅਜਿਹੇ ਵੀ ਸਨ, ਜੋ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਨਸ਼ੇ ਦੇ ਧੰਦੇ ’ਚ ਸਰਗਰਮ ਹੋ ਗਏ ਸਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਵਿਸ਼ੇਸ਼ ਟੀਮਾਂ ਬਣਾਕੇ ਤਕਨੀਕੀ ਸਰਵੇਲਾਂਸ, ਮੁਖ਼ਬਰ ਤੰਤਰ ਤੇ ਪੁਰਾਣੀਆਂ ਕੇਸ ਡਾਇਰੀਆਂ ਦੇ ਰਿਕਾਰਡ ਦੀ ਮਦਦ ਲਈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਨਸ਼ਾ ਤਸਕਰੀ ਦੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਨਸ਼ਾ ਮੁਕਤ ਸਮਾਜ ਲਈ ਪੁਲਿਸ ਤੇ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ------------------------ ਇਕ ਸਾਲ ’ਚ ਨਸ਼ਾ ਤਸਕਰਾਂ ’ਤੇ ਪੁਲਿਸ ਦਾ ਸ਼ਿਕੰਜਾ ਪੁਲਿਸ ਰਿਕਾਰਡ ਮੁਤਾਬਕ ਬੀਤੇ ਇਕ ਸਾਲ ’ਚ ਜ਼ਿਲ੍ਹੇ ’ਚ ਨਸ਼ਾ ਤਸਕਰੀ ਦੇ ਮਾਮਲਿਆਂ ’ਚ ਕੁੱਲ 600 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚ ਸਭ ਤੋਂ ਵੱਧ ਮਾਮਲੇ ਹੈਰੋਇਨ (ਚਿੱਟਾ) ਨਾਲ ਸਬੰਧਤ ਰਹੇ ਹਨ, ਜਿਸ ਨੇ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਆਪਣੀ ਗ੍ਰਿਫ਼ਤ ’ਚ ਲਿਆ ਹੈ। ------------------- ਮਹੀਨੇ ਵਾਰ ਗ੍ਰਿਫ਼ਤਾਰੀਆਂ ਜਨਵਰੀ : 42 ਤਸਕਰ ਫ਼ਰਵਰੀ : 38 ਤਸਕਰ ਮਾਰਚ : 55 ਤਸਕਰ ਅਪ੍ਰੈਲ : 47 ਤਸਕਰ ਮਈ: 50 ਤਸਕਰ ਜੂਨ: 58 ਤਸਕਰ ਜੁਲਾਈ: 62 ਤਸਕਰ ਅਗਸਤ: 54 ਤਸਕਰ ਸਤੰਬਰ: 49 ਤਸਕਰ ਅਕਤੂਬਰ: 61 ਤਸਕਰ ਨਵੰਬਰ: 52 ਤਸਕਰ ਦਸੰਬਰ: 55 ਤਸਕਰ --------------------- ਕਿਸ ਨਸ਼ੇ ਨਾਲ ਕਿੰਨੇ ਤਸਕਰ ਫੜੇ ਗਏ ਹੈਰੋਇਨ (ਚਿੱਟਾ): 285 ਤਸਕਰ ਅਫ਼ੀਮ/ਚੂਰਾ ਪੋਸਤ: 145 ਤਸਕਰ ਸਮੈਕ ਤੇ ਸਿੰਥੇਟਿਕ ਡਰੱਗਜ਼: 78 ਤਸਕਰ ਗਾਂਜਾ: 62 ਤਸਕਰ ਪਾਬੰਦੀਸ਼ੁਦਾ ਗੋਲ਼ੀਆਂ ਤੇ ਇੰਜੈਕਸ਼ਨ: 54 ਤਸਕਰ --------------------- ਪੁਰਾਣੇ ਮਾਮਲਿਆਂ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਪੁਲਿਸ ਨਸ਼ੇ ਖ਼ਿਲਾਫ਼ ਚਲ ਰਹੀ ਮੁਹਿੰਮ ’ਚ ਪੁਲਿਸ ਖ਼ਾਸ ਤੌਰ ’ਤੇ ਉਨ੍ਹਾਂ ਮਾਮਲਿਆਂ ਨੂੰ ਤਰਜੀਹ ਦੇ ਰਹੀ ਹੈ, ਜਿਨ੍ਹਾਂ ’ਚ ਮੁਲਜ਼ਮ ਲੰਮੇ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚਦੇ ਆ ਰਹੇ ਸਨ। ਕਈ ਕੇਸ 3 ਤੋਂ 5 ਸਾਲ ਪੁਰਾਣੇ ਸਨ, ਪਰ ਮੁਲਜ਼ਮ ਅੰਡਰਗਰਾਊਂਡ ਹੋ ਕੇ ਜਾਂ ਟਿਕਾਣੇ ਬਦਲ ਕੇ ਪੁਲਿਸ ਤੋਂ ਬਚਦੇ ਰਹੇ। ਵਿਸ਼ੇਸ਼ ਟੀਮਾਂ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਲੋਕੇਸ਼ਨ ਟਰੈਕ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। --------------------- ਕੁਝ ਪ੍ਰਮੁੱਖ ਉਦਾਹਰਨ ਮਾਰਚ 2025 ’ਚ ਥਾਣਾ ਕੈਂਟ ਪੁਲਿਸ ਨੇ ਰਵੀ ਨਾਮਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ, ਜੋ 2019 ਤੋਂ ਫ਼ਰਾਰ ਸੀ ਤੇ ਉਸ ’ਤੇ 5 ਕਿਲੋ ਚੂਰਾ ਪੋਸਤ ਦੀ ਤਸਕਰੀ ਦਾ ਮਾਮਲਾ ਦਰਜ ਸੀ। ਜੁਲਾਈ 2025 ’ਚ ਸਿਟੀ ਪੁਲਿਸ ਨੇ ਜ਼ਮਾਨਤ ’ਤੇ ਬਾਹਰ ਆਏ ਸੁਖਦੇਵ ਨਾਮਕ ਮੁਲਜ਼ਮ ਨੂੰ ਮੁੜ ਹੈਰੋਇਨ ਦੀ ਸਪਲਾਈ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 120 ਗ੍ਰਾਮ ਚਿੱਟਾ ਬਰਾਮਦ ਹੋਇਆ। ਅਕਤੂਬਰ 2025 ’ਚ ਇਕ ਮਹਿਲਾ ਤਸਕਰ ਨੂੰ ਕਾਬੂ ਕੀਤਾ ਗਿਆ, ਜੋ ਪਾਬੰਦੀਸ਼ੁਦਾ ਗੋਲ਼ੀਆਂ ਦੀ ਸਪਲਾਈ ਕਰ ਰਹੀ ਸੀ। ਜਾਂਚ ਦੌਰਾਨ ਉਸ ਦੇ ਤਾਰ ਤਿੰਨ ਜ਼ਿਲ੍ਹਿਆਂ ਨਾਲ ਜੁੜੇ ਪਾਏ ਗਏ ਤੇ ਉਸ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਸਨ। -----------------------