ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਘੇਰਿਆ ਥਾਣਾ
-ਤਨਿਸ਼ ਦੇ ਵਾਰਸਾਂ ਨੇ
Publish Date: Thu, 11 Jun 2026 11:38 PM (IST)
Updated Date: Thu, 11 Jun 2026 11:41 PM (IST)
-ਤਨਿਸ਼ ਦੇ ਵਾਰਸਾਂ ਨੇ ਪੁਲਿਸ ਖ਼ਿਲਾਫ਼ ਪ੍ਰਗਟਾਇਆ ਰੋਸ
-ਪੈਸਿਆਂ ਦੇ ਵਿਵਾਦ ’ਚ ਹੋਈ ਸੀ ਤਨਿਸ਼ ਦੀ ਹੱਤਿਆ
ਜਾਸ, ਜਲੰਧਰ : ਜਲੰਧਰ ਦੀ ਸ਼ੇਰ ਸਿੰਘ ਕਾਲੋਨੀ ’ਚ ਹੋਏ ਤਨਿਸ਼ ਹੱਤਿਆਕਾਂਡ ਦੇ ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਤੇ ਮ੍ਰਿਤਕ ਦੇ ਵਾਰਸਾਂ ਨੇ ਮੁੜ ਥਾਣਾ ਬਸਤੀ ਬਾਵਾ ਖੇਲ ਦਾ ਘਿਰਾਓ ਕਰਕੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇ ਲਾਏ ਅਤੇ ਦੋਸ਼ ਲਾਇਆ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਮੁੱਖ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਹਨ। ਮ੍ਰਿਤਕ ਤਨਿਸ਼ ਅਰੋੜਾ ਦੇ ਭਰਾ ਮਨੀਸ਼ ਨੇ ਦੱਸਿਆ ਕਿ ਪਰਿਵਾਰ ਨੇ ਪੁਲਿਸ ਨੂੰ ਸਾਰੀ ਜ਼ਰੂਰੀ ਜਾਣਕਾਰੀ ਤੇ ਸ਼ਿਕਾਇਤ ਦਿੱਤੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦੋਸ਼ ਹੈ ਕਿ ਫਰਾਰ ਮੁਲਜ਼ਮ ਲਗਾਤਾਰ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ, ਜਿਸ ਕਾਰਨ ਪਰਿਵਾਰ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਪੁਲਿਸ ਤੋਂ ਛੇਤੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਕਾਬਿਲੇਗ਼ੌਰ ਹੈ ਕਿ ਕੁਝ ਦਿਨ ਪਹਿਲਾਂ ਸ਼ੇਰ ਸਿੰਘ ਕਾਲੋਨੀ ਸਥਿਤ ਇਕ ਬੰਦ ਮਕਾਨ ਦੇ ਬਾਥਰੂਮ ’ਚੋਂ 32 ਸਾਲਾ ਤਨਿਸ਼ ਅਰੋੜਾ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਤਨਿਸ਼ ਤੇ ਮੁੱਖ ਮੁਲਜ਼ਮ ਦੀਪਕ ਵਿਚਾਲੇ ਪੈਸਿਆਂ ਦੇ ਲੈਣ-ਦੇਣ ਸਬੰਧੀ ਵਿਵਾਦ ਚੱਲ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਵਿਵਾਦ ਕਾਰਨ ਉਸ ਦੀ ਹੱਤਿਆ ਕੀਤੀ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹੱਤਿਆ ਦੇ ਬਾਅਦ ਲਾਸ਼ ਨੂੰ ਠਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਸ਼ ਸੀ ਕਿ ਲਾਸ਼ ਦੇ ਟੁਕੜੇ ਕਰਕੇ ਉਨ੍ਹਾਂ ਨੂੰ ਤ੍ਰਿਪਾਲ ਤੇ ਹੋਰ ਸਾਮਾਨ ’ਚ ਲਪੇਟ ਕੇ ਬਾਥਰੂਮ ’ਚ ਲੁਕੋ ਦਿੱਤਾ ਗਿਆ ਸੀ। ਵਾਰਦਾਤ ਮਗਰੋਂ ਮੁਲਜ਼ਮ ਦੀਪਕ ਆਪਣੇ ਪਰਿਵਾਰ ਸਮੇਤ ਘਰ 'ਤੇ ਤਾਲਾ ਲਾ ਕੇ ਫ਼ਰਾਰ ਹੋ ਗਿਆ।
ਪ੍ਰਦਰਸ਼ਨ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਜੈਇੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਲੋਕਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ।