ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਥਾਣਾ ਇਕ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਨਾਬਾਲਗ ਸਭਮੇਤ ਚਾਰ ਮੈਂਬਰਾਂ ਨੂੰ ਕਾਬੂ ਕੀਤਾ
Publish Date: Tue, 06 Jan 2026 07:34 PM (IST)
Updated Date: Tue, 06 Jan 2026 07:35 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਨੇ ਤੇਜ਼ਧਾਰ ਹਥਿਆਰਾਂ ਦਾ ਡਰਾਵਾ ਦੇ ਕੇ ਪਰਵਾਸੀ ਤੋਂ ਮੋਟਰਸਾਈਕਲ ਖੋਹਣ ਵਾਲੇ ਚਾਰ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟ ਤੇ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ। ਸੰਜੇ ਕੁਮਾਰ ਏਸੀਪੀ ਉੱਤਰੀ ਨੇ ਦੱਸਿਆ ਕਿ ਥਾਣਾ-1 ਦੇ ਮੁਖੀ ਰਕੇਸ਼ ਕੁਮਾਰ ਦੀ ਟੀਮ ਵੱਲੋਂ ਪਹਿਲੀ ਜਨਵਰੀ ਨੂੰ ਚਾਰ ਮੋਟਰਸਾਈਕਲਾਂ ਸਵਾਰ ਲੁਟੇਰਿਆਂ ਵੱਲੋਂ ਪਰਵਾਸੀ ਨੂੰ ਤੇਜ਼ਧਾਰ ਹਥਿਆਰ ਦਾ ਡਰਾਵਾ ਦੇ ਕੇ ਖੋਹ ਕੀਤੇ ਗਏ ਮੋਟਰਸਾਈਕਲ ਸਮੇਤ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋ ਜਨਵਰੀ ਨੂੰ ਨਰੇਸ਼ ਯਾਦਵ ਪੁੱਤਰ ਵਾਸੂਦੇਵ ਯਾਦਵ ਵਾਸੀ ਨਿਊ ਗੁਰੂ ਨਾਨਕ ਨਗਰ ਵੱਲੋਂ ਸ਼ਿਕਾਇਤ ਦੇਣ ਉਪਰੰਤ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਆਰੰਭ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਿਤ ਕੁਮਾਰ ਵਾਸੀ ਨਿਊ ਗੁਰੂ ਨਾਨਕ ਨਗਰ ਤੇ ਰਾਜਨ ਕੁਮਾਰ ਵਾਸੀ ਸ਼ਿਵ ਨਗਰ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਖੋਹਿਆ ਗਿਆ ਮੋਟਰਸਾਈਕਲ ਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ। ਇਸੇ ਦੌਰਾਨ ਅਡੀਸਨਲ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਦੋ ਹੋਰ ਲੁਟੇਰੇ ਅਮਿਤ ਕੁਮਾਰ ਉਰਫ ਲਿਫਾਫਾ ਤੇ ਅਕਾਸ਼ ਕੁਮਾਰ ਦੋਵੇਂ ਵਾਸੀ ਨਿਊ ਗੁਰੂ ਨਾਨਕ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ ਹੋਰ 3 ਮੋਟਰਸਾਈਕਲ ਬਰਾਮਦ ਕੀਤੇ ਗਏ। ਜੋ ਮੁਲਜ਼ਮ ਨਾਬਾਲਗ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।