ਪੁਲਿਸ 'ਤੇ ਗੋਲੀ ਚਲਾਉਣਾ ਪਿਆ ਮਹਿੰਗਾ: ਜਵਾਬੀ ਫਾਇਰਿੰਗ 'ਚ ਜ਼ਖ਼ਮੀ ਹੋਇਆ ਬਦਮਾਸ਼; ਹਥਿਆਰਾਂ ਸਣੇ ਪੁਲਿਸ ਨੇ ਮੌਕੇ 'ਤੇ ਹੀ ਦਬੋਚਿਆ
ਜਲੰਧਰ ਦੇਹਾਤ ਦੇ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਪੁਲਿਸ ਅਤੇ ਇਕ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਦੋਸ਼ੀ ਜ਼ਖ਼ਮੀ ਹੋ ਗਿਆ, ਜਿਸ ਦੀ ਬਾਂਹ ਵਿੱਚ ਗੋਲੀ ਲੱਗੀ। ਜ਼ਖ਼ਮੀ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ’ਚੋਂ ਇਕ ਪਿਸਤੌਲ, ਰੌਂਦ ਅਤੇ ਬਿਨਾਂ ਨੰਬਰ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਪਿੰਡ ਭੁੱਲਥ ਵਾਸੀ ਲਵਪ੍ਰੀਤ ਉਰਫ਼ ਲੱਭੀ ਵਜੋਂ ਹੋਈ ਹੈ।
Publish Date: Fri, 23 Jan 2026 12:38 PM (IST)
Updated Date: Fri, 23 Jan 2026 12:39 PM (IST)

ਜਲੰਧਰ - ਜਲੰਧਰ ਦੇਹਾਤ ਦੇ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਪੁਲਿਸ ਅਤੇ ਇਕ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਦੋਸ਼ੀ ਜ਼ਖ਼ਮੀ ਹੋ ਗਿਆ, ਜਿਸ ਦੀ ਬਾਂਹ ਵਿੱਚ ਗੋਲੀ ਲੱਗੀ। ਜ਼ਖ਼ਮੀ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ’ਚੋਂ ਇਕ ਪਿਸਤੌਲ, ਰੌਂਦ ਅਤੇ ਬਿਨਾਂ ਨੰਬਰ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਪਿੰਡ ਭੁੱਲਥ ਵਾਸੀ ਲਵਪ੍ਰੀਤ ਉਰਫ਼ ਲੱਭੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਅਲਾਵਲਪੁਰ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਪੁਲਿਸ ਟੀਮ ਸਮੇਤ ਗਸ਼ਤ ’ਤੇ ਸਨ। ਇਸ ਦੌਰਾਨ ਅਲਾਵਲਪੁਰ ਤੋਂ ਪਿੰਡ ਡੋਲਾ ਵੱਲ ਆ ਰਹੇ ਬਿਨਾਂ ਨੰਬਰ ਦੀ ਬਾਈਕ ਸਵਾਰ ਨੂੰ ਦੇਖ ਕੇ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਨੂੰ ਵੇਖਦੇ ਹੀ ਦੋਸ਼ੀ ਖਾਲੀ ਪਲਾਟ ਵੱਲ ਭੱਜਣ ਲੱਗਾ ਪਰ ਮੀਂਹ ਕਾਰਨ ਉਸ ਦੀ ਬਾਈਕ ਫਿਸਲ ਗਈ ਅਤੇ ਉਹ ਡਿੱਗ ਪਿਆ। ਪੁਲਿਸ ਨੇ ਪਿੱਛਾ ਕੀਤਾ ਤਾਂ ਦੋਸ਼ੀ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਦੋਸ਼ੀ ਦੀ ਬਾਂਹ ਵਿੱਚ ਇਕ ਗੋਲੀ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 19 ਦਸੰਬਰ ਨੂੰ ਜਲੰਧਰ–ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ਚੌਕ ਨੇੜੇ ਇਕ ਪੈਟਰੋਲ ਪੰਪ ’ਤੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਕੱਠੇ ਹੋਏ ਨੌਜਵਾਨਾਂ ’ਤੇ ਤਿੰਨ ਕਾਰਾਂ ’ਚ ਆਏ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਫਾਇਰਿੰਗ ਦੌਰਾਨ ਸ਼ਿਵਦਾਸਪੁਰਾ ਵਾਸੀ ਗੁਰਪ੍ਰੀਤ ਉਰਫ਼ ਗੋਪੀ ਅਤੇ ਸੌਰਵ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਹੀ ਇਕ ਦੋਸ਼ੀ ਲਖਵਿੰਦਰ ਉਰਫ਼ ਲੱਖਾ ਨੂੰ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ, ਜਦਕਿ ਪਿੰਡ ਭੁੱਲਥ ਵਾਸੀ ਲਵਪ੍ਰਤ ਉਰਫ਼ ਲੱਭੀ ਫਰਾਰ ਚੱਲ ਰਿਹਾ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਅਲਾਵਲਪੁਰ ਰੋਡ ’ਤੇ ਪਿੰਡ ਡੋਲਾ ਨੇੜੇ ਮੁਕਾਬਲੇ ਦੌਰਾਨ ਮੁੱਖ ਦੋਸ਼ੀ ਲਵਪ੍ਰੀਤ ਉਰਫ਼ ਲੱਭੀ ਨੂੰ ਕਾਬੂ ਕਰ ਲਿਆ ਗਿਆ ਹੈ।