ਗਬਨ ਦੇ ਮਾਮਲੇ ’ਚ ਪੁਲਿਸ ਨੇ ਦਰਜ ਨਹੀਂ ਕੀਤਾ ਕੇਸ
ਪਾਰਕਿੰਗ ਦੀ 50 ਹਜ਼ਾਰ ਦੀ ਰਕਮ ਗਬਨ ਦੇ ਮਾਮਲੇ ’ਚ ਪੁਲਿਸ ਨੇ ਦਰਜ ਨਹੀਂ ਕੀਤਾ ਕੇਸ
Publish Date: Tue, 14 Apr 2026 07:21 PM (IST)
Updated Date: Tue, 14 Apr 2026 07:24 PM (IST)
ਜਨਵਰੀ ’ਚ ਸੰਯੁਕਤ ਕਮਿਸ਼ਨਰ ਨੇ ਛਾਪਾ ਮਾਰ ਕੇ ਫੜੀ ਸੀ ਹੇਰਾਫੇਰੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਪਾਰਕਿੰਗ ’ਚ ਲਗਪਗ 50 ਹਜ਼ਾਰ ਦੀ ਰਕਮ ਦੇ ਗਬਨ ਦੇ ਮਾਮਲੇ ’ਚ ਮੁਅੱਤਲ ਹੋਏ ਕਰਮਚਾਰੀ ਵਿਰੁੱਧ ਪੁਲਿਸ ਨੇ ਅਜੇ ਤਕ ਐੱਫਆਈਆਰ ਦਰਜ ਨਹੀਂ ਕੀਤੀ। ਇਸ ਸਬੰਧੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੀਤੇ ਜਨਵਰੀ ਮਹੀਨੇ ਸ਼ਾਮ ਦੇ ਸਮੇਂ ਨਗਰ ਨਿਗਮ ਦੇ ਬਾਹਰ ਅੰਡਰ ਗਰਾਊਂਡ ਪਾਰਕਿੰਗ ’ਚ ਖੁਦ ਛਾਪਾ ਮਾਰ ਕੇ ਚੈਕਿੰਗ ਕੀਤੀ ਸੀ ਤੇ ਉਸ ਸਮੇਂ ਡਿਊਟੀ ਤੇ ਤਇਨਾਤ ਮੁਲਾਜ਼ਮ ਗ਼ੈਰ ਹਾਜ਼ਰ ਪਾਇਆ ਗਿਆ ਸੀ ਅਤੇ ਉਸ ਨਾਲ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੋਬਾਇਲ ਬੰਦ ਆਇਆ ਸੀ, ਜਿਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਨਗਰ ਨਿਗਮ ਕਮਿਸ਼ਨਰ ਦੇ ਧਿਆਨ ’ਚ ਲਿਆਂਦਾ ਗਿਆ ਸੀ ਜਿਸ ਮਗਰੋਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਤੇ 3 ਦਿਨਾਂ ’ਚ ਨੋਟਿਸ ਦਾ ਜਵਾਬ ਦੇਣ ਅਤੇ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਜਿਸ ਦਾ ਉਸ ਨੇ ਜਵਾਬ ਨਹੀਂ ਕੀਤਾ ਗਿਆ ਸੀ। ਉਸ ਮਗਰੋਂ ਚਾਰਜਸ਼ੀਟ ਕੀਤਾ ਗਿਆ ਸੀ। ਇਸ ਤੋਂ ਬਾਅਦ ਨਿਗਮ ਕਮਿਸ਼ਨਰ ਦੀ ਹਦਾਇਤ ’ਤੇ ਮੁਅੱਤਲ ਤਹਿ ਬਾਜ਼ਾਰੀ ਦੇ ਕਰਮਚਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ ਪਰ 4 ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਪੁਲਿਸ ਨੇ ਅਜੇ ਤਕ ਐੱਫਆਈਆਰ ਤਕ ਦਰਜ ਨਹੀਂ ਕੀਤੀ। ਸੰਯੁਕਤ ਕਮਿਸ਼ਨਰ ਨੇ ਕਿਹਾ ਹੈ ਕਿ ਉਹ ਬੁੱਧਵਾਰ ਨੂੰ ਇਸ ਸਬੰਧੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕਰਨਗੇ।
---
ਬੈਟਰੀਆਂ ਚੋਰੀ ਦੀ ਦੇ ਮਾਮਲੇ ’ਚ ਨਹੀਂ ਹੋਈ ਕਾਰਵਾਈ
ਇਸ ਤੋਂ ਪਹਿਲਾਂ ਨਗਰ ਨਿਗਮ ਦੇ ਕੈਂਪਸ ’ਚ ਖੜ੍ਹੇ ਸੀਐੱਨਜੀ ਦੇ ਨਵੇਂ 17 ਫੋਰਵ੍ਹੀਲਰਾਂ ਦੀਆਂ ਬੈਟਰੀਆਂ ਚੋਰੀ ਹੋਈਆਂ ਸਨ ਤੇ ਇਸ ਸਬੰਧ ’ਚ ਨਗਰ ਨਿਗਮ ਦੀ ਇਸਟੈਬਲਿਸ ਬਰਾਂਚ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਪਰ ਉਸ ਨੇ ਜਾਂਚ ਕੀਤੀ ਜਾਂ ਨਹੀਂ। ਇਸ ਮਗਰੋਂ ਵਾਟਰ ਸਪਲਾਈ ਐਂਡ ਸੀਵਰੇਜ ਬਰਾਂਚ ਐੱਸਈ ਨੇ ਮਾਮਲਾ ਮੇਅਰ ਦੇ ਧਿਆਨ ’ਚ ਲਿਆਂਦਾ ਸੀ ਤੇ ਮੇਅਰ ਨੇ ਕਮਿਸ਼ਨਰ ਨਾਲ ਗੱਲਬਾਤ ਕੀਤੀ ਸੀ ਜਿਸ ਮਗਰੋਂ ਐੱਫਆਈਆਰ ਦਰਜ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਫੈਸਲੇ ਮਗਰੋਂ ਓਅੇਂਡਐਮ ਬਰਾਂਚ ਨੇ ਪੁਲਿਸ ਕਮਿਸ਼ਨਰ ਨੂੰ ਸੀਐੱਨਜੀ ਫੋਰਵ੍ਹੀਲਰਾਂ ਦੀਆਂ 17 ਬੈਟਰੀਆਂ ਚੋਰੀ ਹੋਣ ਦੀ ਐੱਫਆਈਆਰ ਦਰਜ ਕਰਨ ਨੂੰ ਪੱਤਰ ਲਿਖਿਆ ਸੀ, ਇਸ ਮਾਮਲੇ ਨੂੰ ਵੀ ਸਾਢੇ 3 ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਅੱਜ ਤਕ ਐੱਫਆਈਆਰ ਦਰਜ ਨਹੀਂ ਕੀਤੀ।