ਪੁਲਿਸ ਵੱਲੋਂ ਚੋਰ ਦੀ ਭਾਲ ਜਾਰੀ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Feb 2026 06:55 PM (IST)
Updated Date: Fri, 27 Feb 2026 06:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :
ਥਾਣਾ ਇਕ ਅਧੀਨ ਆਉਂਦੇ ਪਿੰਡ ਨਾਗਰਾ ਵਿਚ ਬੀਤੇ ਦਿਨੀਂ ਤਾਲਾ ਬੰਦ ਘਰ ਦਾ ਤਾਲਾ ਤੋੜ ਕੇ ਬੇਖੌਫ ਹੋ ਕੇ ਘਰ 'ਚੋਂ ਮੋਟਰਸਾਈਕਲ, ਸਿਲੰਡਰ ਤੇ ਨਕਦੀ ਚੋਰੀ ਕਰਕੇ ਫਰਾਰ ਹੋਏ ਚੋਰ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਕਿਰਾਏ ਦੇ ਮਕਾਨ ’ਚ ਮਾਮੇ ਤੇ ਮਾਂ ਸਮੇਤ ਰਹਿ ਰਹੇ ਕਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਿਆ ਹੋਇਆ ਸੀ। ਦੁਪਿਹਰ ਤਕਰੀਬਨ ਦੋ ਵਜੇ ਉਸਦਾ ਮਾਮਾ ਕੰਮ ਤੋਂ ਵਾਪਸ ਆ ਕੇ ਘਰ ਵਿਚ ਮੋਟਰਸਾਈਕਲ ਖੜ੍ਹਾ ਕਰਕੇ ਨਜ਼ਦੀਕ ਸਥਿਤ ਧਾਰਮਿਕ ਸਥਾਨ ’ਤੇ ਗਿਆ ਸੀ ਤਾਂ ਤਕਰੀਬਨ ਅੱਧੇ ਘੰਟੇ ਬਾਅਦ ਪੈਦਲ ਨਕਾਬ ਪਾ ਕੇ ਆਇਆ ਚੋਰ ਤਾਲਾ ਤੋੜ ਕੇ ਘਰ 'ਚੋਂ ਮੋਟਰਸਾਈਕਲ, ਗੈਸ ਸਿਲੰਡਰ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਅਲਮਾਰੀ ਵਿਚੋਂ ਚੋਰੀ ਹੋਏ ਪਰਸ ’ਚ ਉਸਦੇ ਮਾਮੇ ਨੇ ਪੰਦਰਾਂ ਹਜ਼ਾਰ ਰੁਪਏ ਦੀ ਨਕਦੀ ਰੱਖੀ ਹੋਈ ਸੀ। ਚੋਰ ਦੀ ਗੁਆਂਢੀਆਂ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਫੁਟੇਜ ਦਿਖਾਈ ਦੇ ਰਹੀ ਹੈ। ਜੋ ਮੋਟਰਸਾਈਕਲ ਦੇ ਪਿੱਛੇ ਗੈਸ ਸਿਲੰਡਰ ਬੰਨ੍ਹ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਆਸ-ਪਾਸ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਗਈ ਤਾਂ ਉਸ ’ਚ ਨਜ਼ਰ ਆ ਰਿਹਾ ਹੈ ਕਿ ਸ਼ਾਤਰ ਚੋਰ ਪਿੰਡ ਨਾਗਰਾ ਦਾ ਫਾਟਕ ਲੰਘ ਕੇ ਸ਼ਿਵ ਨਗਰ ਵੱਲ ਫਰਾਰ ਹੋਇਆ ਹੈ, ਦੀ ਭਾਲ ਕੀਤੀ ਜਾ ਰਹੀ ਹੈ।