ਛੋਟੀ ਉਮਰੇ ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਆ ਜਾਵੇ : ਡਾ. ਵਿੱਜ
ਪੁਲਿਸ ਡੀਏਵੀ ਸਕੂਲ ’ਚ ਨਰਸਰੀ ਤੋਂ ਦੂਜੀ ਜਮਾਤ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Publish Date: Wed, 18 Mar 2026 08:34 PM (IST)
Updated Date: Wed, 18 Mar 2026 08:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ’ਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਾਪਿਆਂ ਤੇ ਬੱਚਿਆਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਮੌਕੇ ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਸਾਰਿਆਂ ਦਾ ਪੁਲਿਸ ਡੀਏਵੀ ਪਰਿਵਾਰ ’ਚ ਸਵਾਗਤ ਕਰਦਿਆਂ ਮਾਪਿਆਂ ਨੂੰ ਬੱਚਿਆਂ ਦੀ ਸਹੀ ਪਰਵਰਿਸ਼, ਚੰਗੀਆਂ ਆਦਤਾਂ ਤੇ ਮੁੱਲਾਂ ਦੀ ਵਿਕਾਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਛੋਟੀ ਉਮਰ ਤੋਂ ਹੀ ਬੱਚਿਆਂ ’ਚ ਸਿੱਖਣ ਪ੍ਰਤੀ ਰੁਚੀ ਤੇ ਸਕੂਲ ਨਾਲ ਪਿਆਰ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਕੂਲ ਦੇ ਵਿਜ਼ਨ ਤੇ ਮਿਸ਼ਨ ਬਾਰੇ ਵੀ ਵਿਸਥਾਰ ਨਾਲ ਦੱਸਿਆ, ਜਿਸਦਾ ਮਕਸਦ ਹਰ ਬੱਚੇ ਨੂੰ ਖੁਸ਼ਮਿਜ਼ਾਜ, ਆਤਮਵਿਸ਼ਵਾਸੀ ਤੇ ਸੰਪੂਰਨ ਵਿਅਕਤੀ ਬਣਾਉਣਾ ਹੈ, ਤਾਂ ਜੋ ਉਹ ਆਪਣੇ ਵਿਲੱਖਣ ਹੁਨਰਾਂ ਨੂੰ ਵਿਕਸਤ ਕਰ ਸਕੇ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਕਲਾਸ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਸਕੂਲ ਦੇ ਵਾਤਾਵਰਨ ਨਾਲ ਜਾਣ-ਪਛਾਣ ਬਣਾਈ। ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਅਤੇ ਝੂਲਿਆਂ ਦਾ ਵੀ ਖੂਬ ਆਨੰਦ ਮਾਣਿਆ ਤੇ ਪਹਿਲੀ ਅਪ੍ਰੈਲ ਤੋਂ ਸਕੂਲ ਸ਼ੁਰੂ ਕਰਨ ਲਈ ਉਤਸ਼ਾਹ ਦਿਖਾਇਆ। ਇਸ ਮੌਕੇ ਸੁਪਰਵਾਈਜ਼ਰ ਸਵਿਤਾ ਸ਼ਰਮਾ ਤੇ ਗਾਰਗੀ ਸ਼ਰਮਾ ਵੀ ਹਾਜ਼ਰ ਸਨ।