ਪੁਲਿਸ ਕਮਿਸ਼ਨਰ ਵੱਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
ਪੁਲਿਸ ਕਮਿਸ਼ਨਰ ਵੱਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
Publish Date: Sun, 11 Jan 2026 09:23 PM (IST)
Updated Date: Mon, 12 Jan 2026 04:18 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਪਬਲਿਕ ਐਮਰਜੈਂਸੀ ਨੂੰ ਛੱਡ ਕੇ ਸਾਇਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਸੀਮਾ ’ਤੇ ਜਿਥੇ ਲਾਊਡ ਸਪੀਕਰ ਜਾਂ ਪਬਲਿਕ ਐਡਰੈੱਸ ਸਿਸਟਮ ਜਾਂ ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਸਰੋਤ ਵਰਤਿਆ ਜਾ ਰਿਹਾ ਹੈ, ਦੀ ਆਵਾਜ਼ ਖੇਤਰ ਲਈ ਨਿਸ਼ਚਿਤ ਆਵਾਜ਼ ਮੁਤਾਬਕ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਤੋਂ ਸਵੇਰੇ 6 ਵਜੇ ਦੇ ਦਰਮਿਆਨ (ਸਿਵਾਏ ਪਬਲਿਕ ਐਮਰਜੈਂਸੀ ਦੇ) ਮੈਰਿਜ ਪੈਲੇਸਾਂ ਤੇ ਹੋਟਲਾਂ ’ਚ ਢੋਲ ਜਾਂ ਭੋਂਪੂ, ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਤੇ ਡੀ.ਜੇਜ਼ ਆਦਿ ਨਹੀਂ ਵਜਾਏਗਾ। ਇਸੇ ਤਰ੍ਹਾਂ ਪ੍ਰਾਈਵੇਟ ਮਾਲਕੀ ਵਾਲੇ ਸਾਊਂਡ ਸਿਸਟਮ ਜਾਂ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਦਾ ਪੱਧਰ ਪ੍ਰਾਈਵੇਟ ਥਾਂ ਦੇ ਹੱਦ ਖੇਤਰ ਲਈ ਤੈਅ ਸ਼ੋਰ ਮਾਪਦੰਡਾਂ 5 ਡੀਬੀ (ਏ) ਤੋਂ ਵੱਧ ਨਹੀਂ ਹੋਵੇਗਾ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਮਿਊਜ਼ਿਕ ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ’ਚ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਹੋਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਾ ਸੁਣਾਈ ਦੇਵੇ। ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਸਾਊਂਡ ਯੰਤਰ ਜ਼ਬਤ ਕਰ ਲਏ ਜਾਣਗੇ। ਇਹ ਹੁਕਮ ਮਿਤੀ 8.3.2026 ਤੱਕ ਲਾਗੂ ਰਹੇਗਾ।