‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਤਿੰਨ ਗ੍ਰਿਫ਼ਤਾਰ
ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰ ਗ੍ਰਿਫਤਾਰ, ਪਾਬੰਦੀਸ਼ੁਦਾ ਗੋਲੀਆਂ ਤੇ ਨਸ਼ੀਲਾ ਸਮਾਨ ਬਰਾਮਦ
Publish Date: Sun, 19 Apr 2026 09:16 PM (IST)
Updated Date: Mon, 20 Apr 2026 04:13 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਗੋਲੀਆਂ ਤੇ ਨਸ਼ੇ ਨਾਲ ਸਬੰਧਤ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ (ਸਬ-ਡਵੀਜ਼ਨ ਆਦਮਪੁਰ) ਰਾਜੀਵ ਕੁਮਾਰ, ਪੀਪੀਐੱਸ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਲੜੋਈ-ਲੜੋਆ ਰਸਤੇ ਤੋਂ ਹਾਈਵੇ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਦੇ ਕਿਨਾਰੇ ਝਾੜੀਆਂ ’ਚ ਬੈਠੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਮਲਕੀਤ ਸਿੰਘ ਉਰਫ ਮੱਕੀ ਤੇ ਗੁਲਸ਼ਨ ਸਿੰਘ ਕੋਲੋਂ ਸਿਲਵਰ ਪੇਪਰ (ਜਿਸ ’ਤੇ ਹੈਰੋਇਨ ਦੇ ਅਸਰ ਮੌਜੂਦ ਸਨ), 10 ਰੁਪਏ ਦੇ ਨੋਟ ਨਾਲ ਬਣਾਇਆ ਪਾਈਪ, ਲਾਈਟਰ ਤੇ ਬੋਤਲ ਦਾ ਢੱਕਣ ਬਰਾਮਦ ਕੀਤਾ ਗਿਆ। ਇਸ ਸਬੰਧੀ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਹੋਰ ਕਾਰਵਾਈ ਦੌਰਾਨ 18 ਅਪ੍ਰੈਲ 2026 ਨੂੰ ਏਐੱਸਆਈ ਕਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਜਦੋਂ ਟੀਮ ਜੀਟੀ ਰੋਡ ਰਾਹੀਂ ਪਿੰਡ ਰਾਣੀ ਭੱਟੀ ਵੱਲ ਜਾ ਰਹੀ ਸੀ, ਤਾਂ ਇਕ ਸ਼ੱਕੀ ਵਿਅਕਤੀ ਪੁਲਿਸ ਨੂੰ ਵੇਖ ਕੇ ਆਪਣੇ ਕੱਪੜਿਆਂ ’ਚੋਂ ਕਾਲੇ ਰੰਗ ਦਾ ਲਿਫਾਫਾ ਸੁੱਟ ਕੇ ਤੁਰ ਪਿਆ। ਪੁਲਿਸ ਨੇ ਉਸਨੂੰ ਕਾਬੂ ਕਰਕੇ ਪਛਾਣ ਹਰਿੰਦਰ ਪਾਲ ਉਰਫ ਸੋਨੂੰ ਵਾਸੀ ਕਾਲਾ ਬੱਕਰਾ ਵਜੋਂ ਕੀਤੀ। ਲਿਫਾਫੇ ਦੀ ਤਲਾਸ਼ੀ ਦੌਰਾਨ 20 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਅਗਾਂਹ ਵੀ ਜਾਰੀ ਰਹੇਗੀ ਤੇ ਇਲਾਕੇ ’ਚ ਨਸ਼ੇ ਦੇ ਕਾਰੋਬਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।