ਦੇਵੀ ਤਲਾਬ ਮੰਦਰ ’ਚੋਂ ਸ਼ਰਧਾਲੂ ਦਾ ਮੋਬਾਈਲ ਫੋਨ ਚੋਰੀ
ਨਵਰਾਤਰਿਆਂ ਦੀ ਭੀੜ ਦੌਰਾਨ ਜੇਬ ਕਤਰੇ ਸਰਗਰਮ
Publish Date: Wed, 25 Mar 2026 09:25 PM (IST)
Updated Date: Wed, 25 Mar 2026 09:29 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨਵਰਾਤਰੇ ਤਿਉਹਾਰ ਦੌਰਾਨ ਜਿਥੇ ਮੰਦਰਾਂ ਚ ਸ਼ਰਧਾਲੂਆਂ ਦੀ ਭਾਰੀ ਭੀੜ ਮੰਦਰਾਂ ’ਚ ਹੋ ਰਹੀ ਹੈ ਉੱਥੇ ਹੀ ਇਸ ਦੌਰਾਨ ਸਮਾਜ ਵਿਰੋਧੀ ਅਨਸਰਾਂ ਦਾ ਵੀ ਉਭਾਰ ਦੇਖਣ ਨੂੰ ਮਿਲਿਆ ਹੈ। ਸ਼੍ਰੀ ਦੇਵੀ ਤਲਾਬ ਮੰਦਰ ਚ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਜੇਬ ਕਤਰੇ ਨੇ ਭੀੜ ਦਾ ਫਾਇਦਾ ਉਠਾ ਕੇ ਇਕ ਸ਼ਰਧਾਲੂ ਦਾ ਮੋਬਾਈਲ ਫੋਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਸੰਤੋਖਪੁਰਾ ਦੇ ਰਹਿਣ ਵਾਲੇ ਸਾਗਰ ਨੇ ਦੱਸਿਆ ਕਿ ਉਸਦੇ ਪਿਤਾ ਰੋਮੀ ਆਪਣੇ ਪਰਿਵਾਰ ਨਾਲ ਮੰਦਰ ’ਚ ਪ੍ਰਾਰਥਨਾ ਕਰਨ ਲਈ ਗਏ ਸਨ। ਉਨ੍ਹਾਂ ਦੀ ਫੇਰੀ ਦੌਰਾਨ, ਇਕ ਕੀਰਤਨ ਚੱਲ ਰਿਹਾ ਸੀ ਤੇ ਬਾਅਦ ’ਚ ਪਰਿਵਾਰ ਪ੍ਰਸ਼ਾਦ ਲੈਣ ਲਈ ਇਕ ਕਤਾਰ ’ਚ ਸ਼ਾਮਲ ਹੋ ਗਿਆ। ਇਸ ਦੌਰਾਨ ਰੋਮੀ ਪਿੱਛੇ ਖੜ੍ਹੇ ਇਕ ਵਿਅਕਤੀ ਜੇਬ ’ਚੋਂ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਿਆ। ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਮੰਦਰ ’ਚੋਂ ਬਾਹਰ ਨਿਕਲੇ। ਪੀੜਤ ਨੇ ਤੁਰੰਤ ਮੰਦਰ ਕੰਪਲੈਕਸ ਦੇ ਅੰਦਰ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਗਈ ਤਾਂ ਚੋਰੀ ਕਰਨ ਵਾਲਾ ਸ਼ੱਕੀ ਵਿਅਕਤੀ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਘਟਨਾ ਸਬੰਧੀ ਇਕ ਰਸਮੀ ਸ਼ਿਕਾਇਤ ਸਬੰਧਤ ਪੁਲਿਸ ਸਟੇਸ਼ਨ ’ਚ ਦਰਜ ਕਰਵਾਈ ਗਈ ਹੈ। ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਉਹ ਜਲਦੀ ਹੀ ਮੁਲਜ਼ਮ ਦੀ ਪਛਾਣ ਕਰ ਲੈਣਗੇ ਤੇ ਉਸਨੂੰ ਫੜ ਲੈਣਗੇ।