ਸਮਾਜ ਸਮੱਸਿਆਵਾਂ ਤੇ ਸੁੰਦਰਤਾ ਨੂੰ ਦਰਸਾਉਂਦੀ ਹੈ ਫੋਟੋਗ੍ਰਾਫੀ : ਸੰਤ ਸੀਚੇਵਾਲ
ਸਮਾਜ ਦੀ ਸੱਚਾਈ, ਸਮੱਸਿਆਵਾਂ ਤੇ ਸੁੰਦਰਤਾ ਨੂੰ ਦਰਸਾਉਂਦੀ ਹੈ ਫੋਟੋਗ੍ਰਾਫੀ : ਬਲਬੀਰ ਸਿੰਘ ਸੀਚੇਵਾਲ
Publish Date: Thu, 15 Jan 2026 08:24 PM (IST)
Updated Date: Thu, 15 Jan 2026 08:27 PM (IST)

-ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪ੍ਰੈੱਸ ਕਲੱਬ ਪਹੁੰਚੇ ਰਾਜ ਸਭਾ ਮੈਂਬਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੋਟੋਗ੍ਰਾਫੀ ਸਮਾਜ ਦੀਆਂ ਸੱਚਾਈਆਂ, ਸਮੱਸਿਆਵਾਂ ਤੇ ਸੁੰਦਰਤਾ ਨੂੰ ਸਾਹਮਣੇ ਲਿਆਉਣ ਦਾ ਇਕ ਸਸ਼ਕਤ ਮਾਧਿਅਮ ਹੈ। ਕਲਾ ਤੇ ਕਲਾਕਾਰ ਮੰਚ ਵੱਲੋਂ ਪ੍ਰੈੱਸ ਕਲੱਬ ’ਚ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਤਸਵੀਰਾਂ ਬਿਨਾਂ ਸ਼ਬਦਾਂ ਦੇ ਵੀ ਬਹੁਤ ਕੁਝ ਬਿਆਨ ਕਰ ਦਿੰਦੀਆਂ ਹਨ ਤੇ ਸਮਾਜ ਨੂੰ ਜਾਗਰੂਕ ਕਰਨ ’ਚ ਅਹੰਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਪ੍ਰਬੰਧਨ ਸਮੇਂ ਦੀ ਲੋੜ ਹਨ, ਜੋ ਕਲਾਕਾਰਾਂ ਨੂੰ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਕਲਾ ਤੇ ਕਲਾਕਾਰ ਮੰਚ ਨੇ ਵੀਰਵਾਰ ਨੂੰ ਫੋਟੋ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ। ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫੋਟੋਗ੍ਰਾਫੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮਾਜਿਕ ਸੰਗਠਨਾਂ ਦੇ ਪ੍ਰਤਿਨਿਧੀ, ਕਲਾਕਾਰ, ਬੁੱਧੀਜੀਵੀ ਤੇ ਕਲਾ ਪ੍ਰੇਮੀ ਵੱਡੀ ਗਿਣਤੀ ’ਚ ਮੌਜੂਦ ਰਹੇ। ਪ੍ਰਦਰਸ਼ਨੀ ਦੇ ਨਾਲ ਹੀ ਸੰਤ ਸੀਚੇਵਾਲ ਨੇ ਇਤਿਹਾਸਕ ਗੰਗਾ ਸਾਗਰ ਵਿਸ਼ੇ ’ਤੇ ਆਧਾਰਿਤ ਪੁਸਤਕ ਦਾ ਵੀ ਰਿਲੀਜ਼ ਕੀਤੀ। ਇਹ ਪੁਸਤਕ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ। ਪੁਸਤਕ ਰਿਲੀਜ਼ ਦੌਰਾਨ ਬੁਲਾਰਿਆਂ ਨੇ ਗੰਗਾ ਸਾਗਰ ਦੇ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਵ ’ਤੇ ਰੋਸ਼ਨੀ ਪਾਈ ਤੇ ਇਸ ਨੂੰ ਖੋਜਕਰਤਾਵਾਂ ਤੇ ਇਤਿਹਾਸ ਪ੍ਰੇਮੀਆਂ ਲਈ ਲਾਭਕਾਰੀ ਦੱਸਿਆ। ਫੋਟੋ ਪ੍ਰਦਰਸ਼ਨੀ ’ਚ ਸਮਾਜ, ਸੱਭਿਆਚਾਰ, ਵਿਰਾਸਤ, ਵਾਤਾਵਰਨ ਤੇ ਸਮਕਾਲੀ ਵਿਸ਼ਿਆਂ ਨਾਲ ਸਬੰਧਤ ਵੱਖ-ਵੱਖ ਫੋਟੋਗ੍ਰਾਫਰਾਂ ਦੀਆਂ ਚੁਣੀ ਹੋਈਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਪ੍ਰਦਰਸ਼ਨੀ ਵੇਖਣ ਆਏ ਦਰਸ਼ਕਾਂ ਨੇ ਤਸਵੀਰਾਂ ਦੀ ਵਿਸ਼ਾ ਵਸਤੂ ਤੇ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਫੋਟੋ ਪ੍ਰਦਰਸ਼ਨੀ 15 ਤੇ 16 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ ਲਈ ਖੁੱਲ੍ਹੀ ਰਹੇਗੀ। ਪ੍ਰੋਗਰਾਮ ਦੇ ਅੰਤ ’ਚ ਕਲਾ ਤੇ ਕਲਾਕਾਰ ਮੰਚ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵੱਲੋਂ ਸਾਰੇ ਮਹਿਮਾਨਾਂ, ਕਲਾਕਾਰਾਂ ਤੇ ਆਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਤੇ ਸਮੂਹ ਗਵਰਨਿੰਗ ਕੌਂਸਿਲ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਕਮੇਟੀ, ਡਾ. ਲਖਵਿੰਦਰ ਸਿੰਘ ਜੌਹਲ, ਗੁਰਦਿਆਲ ਰੌਸ਼ਨ, ਅਸ਼ੋਕ ਭੌਰਾ, ਬਲਜੀਤ ਬੱਲ, ਕਮਲੇਸ਼ ਦੁੱਗਲ, ਸੁਰਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਐਡਵੋਕੇਟ ਹਰਦੀਪ ਸਿੰਘ ਭੱਟੀ (ਖੰਨਾ) ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।