ਪੀਐੱਚਸੀ ਵੱਲੋਂ 100 ਦਿਨਾਂ ਟੀਬੀ ਮੁਕਤੀ ਮੁਹਿੰਮ ਤਹਿਤ ਲਾਇਆ ਕੈਂਪ
ਪੀਐੱਚਸੀ ਮਹਿਤਪੁਰ ਵੱਲੋਂ 100 ਦਿਨਾਂ ਟੀਬੀ ਮੁਕਤੀ ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਇਆ
Publish Date: Sun, 29 Mar 2026 08:32 PM (IST)
Updated Date: Sun, 29 Mar 2026 08:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ 100 ਦਿਨਾਂ ਟੀਬੀ ਮੁਕਤੀ ਪ੍ਰੋਗਰਾਮ ਨੂੰ ਪੀਐੱਚਸੀ ਮਹਿਤਪੁਰ ਵੱਲੋਂ ਸਫਲਤਾਪੂਰਵਕ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪੀਐੱਚਸੀ ਮਹਿਤਪੁਰ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ’ਚ ਵਿਸ਼ੇਸ਼ ਸਿਹਤ ਕੈਂਪ ਲਾਏ ਗਏ, ਜਿਨ੍ਹਾਂ ’ਚ ਚੱਕ ਕਲਾਂ, ਗੋਹਿਰ, ਕੰਗ ਸਾਹਬੂ ਸਮੇਤ ਹੋਰ ਕਈ ਪਿੰਡ ਸ਼ਾਮਲ ਹਨ। ਕੈਂਪਾਂ ਦੌਰਾਨ ਲੋਕਾਂ ਨੂੰ ਟੀਬੀ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੁਫ਼ਤ ਜਾਂਚ ਵੀ ਕੀਤੀ ਗਈ। ਮੋਬਾਈਲ ਐਕਸ-ਰੇ ਟੀਮ ਵੱਲੋਂ ਪਿੰਡ-ਪਿੰਡ ਜਾ ਕੇ 200 ਤੋਂ ਵੱਧ ਐਕਸ-ਰੇ ਕੀਤੇ ਗਏ, ਜਿਸ ਨਾਲ ਸ਼ੱਕੀ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਕਰਨਾ ਸੰਭਵ ਹੋਇਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਘੂ ਪ੍ਰੀਆ ਨੇ ਕਿਹਾ ਕਿ ਟੀਬੀ ਇਕ ਠੀਕ ਹੋਣ ਵਾਲੀ ਬਿਮਾਰੀ ਹੈ, ਜੇ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ ਤੇ ਇਲਾਜ ਪੂਰੀ ਤਰ੍ਹਾਂ ਕੀਤਾ ਜਾਵੇ। ਸਾਡਾ ਮੁੱਖ ਮਕਸਦ ਹਰ ਮਰੀਜ਼ ਤੱਕ ਪਹੁੰਚ ਕਰ ਕੇ ਉਸ ਨੂੰ ਮੁਫ਼ਤ ਤੇ ਪੂਰਾ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਪੱਧਰ ’ਤੇ ਲਾਏ ਜਾ ਰਹੇ ਇਸ ਤਰ੍ਹਾਂ ਦੇ ਕੈਂਪ ਲੋਕਾਂ ’ਚ ਜਾਗਰੂਕਤਾ ਵਧਾਉਂਦੇ ਹਨ ਤੇ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਿਹਤ ਵਿਭਾਗ ਦੀ ਟੀਮ ਇਸ ਮੁਹਿੰਮ ਨੂੰ ਪੂਰੀ ਲਗਨ ਤੇ ਜ਼ਿੰਮੇਵਾਰੀ ਨਾਲ ਅੱਗੇ ਵਧਾ ਰਹੀ ਹੈ।