ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ : ਡਾ. ਦਾਹੀਆ
ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ : ਡਾ. ਨਵਜੋਤ ਦਾਹੀਆ
Publish Date: Tue, 10 Feb 2026 09:03 PM (IST)
Updated Date: Tue, 10 Feb 2026 09:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਡਾ. ਨਵਜੋਤ ਦਾਹੀਆ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ “ਧੌਣ ’ਤੇ ਗੋਡਾ ਰੱਖ ਕੇ 117 ਸੀਟਾਂ ਜਿੱਤੀਆਂ” ਦੀ ਤੀਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਭਾਸ਼ਾ ਲੋਕਤੰਤਰ ਦੀ ਮਰਯਾਦਾ, ਸੰਵਿਧਾਨ ਦੀ ਭਾਵਨਾ ਤੇ ਪੰਜਾਬ ਦੀ ਸਵਾਭਿਮਾਨੀ ਜਨਤਾ ਦਾ ਖੁੱਲ੍ਹਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਦਾ ਨਸ਼ਾ ਸਿਰ ਚੜ੍ਹ ਜਾਂਦਾ ਹੈ, ਤਾਂ ਨੇਤਾ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ ਹਨ। “ਪੰਜਾਬ ਦੀ ਜਨਤਾ ਕਿਸੇ ਦੀ ਜਗੀਰ ਨਹੀਂ ਹੈ। ਲੋਕਾਂ ਨੇ ਸਰਕਾਰ ਨੂੰ ਘਮੰਡ ਵੇਖਣ ਲਈ ਨਹੀਂ, ਸਗੋਂ ਚੰਗੇ ਭਵਿੱਖ, ਸੁਰੱਖਿਅਤ ਮਾਹੌਲ, ਰੋਜ਼ਗਾਰ ਤੇ ਵਿਕਾਸ ਲਈ ਚੁਣਿਆ ਸੀ। ਅੱਜ ਹਾਲਾਤ ਇਹ ਹਨ ਕਿ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਦਬਾਉਣ ਦੀ ਭਾਸ਼ਾ ਬੋਲੀ ਜਾਂਦੀ ਹੈ।” ਡਾ. ਦਾਹੀਆ ਨੇ ਕਿਹਾ ਕਿ ਪੂਰੇ ਪੰਜਾਬ ’ਚ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਇਸ ਬਿਆਨ ਖ਼ਿਲਾਫ਼ ਜੋ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। “ਕਾਂਗਰਸ ਦੀ ਰਾਜਨੀਤੀ ਲੋਕਾਂ ‘ਤੇ ਗੋਡਾ ਰੱਖਣ ਦੀ ਨਹੀਂ, ਸਗੋਂ ਉਨ੍ਹਾਂ ਦਾ ਹੱਥ ਫੜ ਕੇ ਨਾਲ ਚੱਲਣ ਦੀ ਰਹੀ ਹੈ। ਅਸੀਂ ਹਮੇਸ਼ਾ ਜਨਤਾ ਦੇ ਮਾਣ, ਹੱਕਾਂ ਤੇ ਸਵਾਭਿਮਾਨ ਦੀ ਲੜਾਈ ਲੜੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਮ ’ਤੇ ਸਿਰਫ਼ ਇਸ਼ਤਿਹਾਰ ਮਿਲੇ, ਮਹਿਲਾਵਾਂ ਨੂੰ ਸੁਰੱਖਿਆ ਦੇ ਨਾਮ ’ਤੇ ਖੋਖਲੇ ਦਾਅਵੇ ਤੇ ਆਮ ਲੋਕਾਂ ਨੂੰ ਵਿਕਾਸ ਦੇ ਨਾਮ ’ਤੇ ਕੇਵਲ ਝੂਠੇ ਵਾਅਦੇ। ਸਰਕਾਰ ਜਵਾਬ ਦੇਣ ਦੀ ਬਜਾਇ ਅਹੰਕਾਰ ਦੀ ਭਾਸ਼ਾ ਬੋਲ ਰਹੀ ਹੈ।” ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਧਾਇਕਾ ਤੁਰੰਤ ਆਪਣੇ ਬਿਆਨ ਲਈ ਪੰਜਾਬ ਦੀ ਜਨਤਾ ਤੋਂ ਬਿਨਾ ਸ਼ਰਤ ਮਾਫ਼ੀ ਮੰਗਣ ਤੇ ਸਿਆਸੀ ਅਹੰਕਾਰ ਛੱਡ ਕੇ ਅਸਲ ਮੁੱਦਿਆਂ ’ਤੇ ਕੰਮ ਕਰਨ ਨਸ਼ਾ ਮੁਕਤੀ, ਰੁਜ਼ਗਾਰ ਸਿਰਜਣਾ, ਬਿਹਤਰ ਸਿਹਤ ਸੇਵਾਵਾਂ ਤੇ ਝੂਠੇ ਵਾਅਦਿਆਂ ਤੋਂ ਮੁਕਤੀ। ਕਾਂਗਰਸ ਹਰ ਪਿੰਡ, ਹਰ ਗਲੀ ਤੇ ਹਰ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਜਨਤਾ ਦੇ ਮਾਣ-ਸਤਿਕਾਰ ਦੀ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜੇਗੀ।