2026 ’ਚ ਰੁਜ਼ਗਾਰ, ਸੁਰੱਖਿਆ ਤੇ ਮਿਆਰੀ ਸਿੱਖਿਆ ਦੀਆਂ ਉਮੀਦਾਂ
ਸਾਲ 2026 ‘ਚ ਲੋਕਾਂ ਨੂੰ ਰੁਜ਼ਗਾਰ, ਸੁਰੱਖਿਆ ਅਤੇ ਮਿਆਰੀ ਸਿੱਖਿਆ ਦੀਆਂ ਉਮੀਦਾਂ
Publish Date: Thu, 01 Jan 2026 09:47 PM (IST)
Updated Date: Fri, 02 Jan 2026 04:14 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਮੇਂ ਦੇ ਚੱਕਰ ਨੇ ਇੱਕ ਹੋਰ ਗੇੜਾ ਪੂਰਾ ਕਰ ਲਿਆ ਹੈ ਤੇ ਸਾਲ 2026 ਚੜ੍ਹ ਚੁੱਕਾ ਹੈ। ਨਵਾਂ ਸਾਲ ਸਿਰਫ਼ ਕੈਲੰਡਰ ਬਦਲਣ ਦਾ ਨਾਂ ਨਹੀਂ ਸਗੋਂ ਇਹ ਨਵੀਆਂ ਸੰਭਾਵਨਾਵਾਂ, ਸੁਪਨਿਆਂ ਤੇ ਚੁਣੌਤੀਆਂ ਨੂੰ ਸਵੀਕਾਰਨ ਦਾ ਸਮਾਂ ਹੁੰਦਾ ਹੈ। ਬੀਤੇ ਵਰ੍ਹੇ ਦੌਰਾਨ ਲੋਕਾਂ ਨਾਲ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਜੁੜੀਆਂ। ਹੁਣ ਜਦੋਂ ਨਵਾਂ ਸੂਰਜ ਚੜ੍ਹਿਆ ਹੈ ਤਾਂ ਹਰ ਵਰਗ ਦੀਆਂ ਨਜ਼ਰਾਂ ਆਉਣ ਵਾਲੇ ਸਮੇਂ ’ਤੇ ਟਿਕੀਆਂ ਹਨ। ‘ਪੰਜਾਬੀ ਜਾਗਰਣ’ ਨੇ ਇਲਾਕੇ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮਨ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ। ਪੇਸ਼ ਹਨ ਉਨ੍ਹਾਂ ਦੇ ਵਿਚਾਰ: ਬਾਕਸ-- ਪਿੰਡ ਪੱਧਰ ’ਤੇ ਖੇਡ ਢਾਂਚਾ ਹੋਵੇ ਮਜ਼ਬੂਤ : ਪੰਮਾ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ ਨੇ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਸਾਡੀ ਰੂਹ ’ਚ ਵਸਦੀ ਹੈ। ਸਾਲ 2026 ਤੋਂ ਸਭ ਤੋਂ ਵੱਡੀ ਉਮੀਦ ਇਹ ਹੈ ਕਿ ਪਿੰਡ ਪੱਧਰ ’ਤੇ ਖੇਡਾਂ ਦਾ ਢਾਂਚਾ ਮਜ਼ਬੂਤ ਹੋਵੇ। ਅੱਜ ਸਾਡੀ ਜਵਾਨੀ ਨਸ਼ਿਆਂ ਦੀ ਦਲਦਲ ’ਚ ਫਸ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪਿੰਡ ’ਚ ਜਿਮ ਤੇ ਵਧੀਆ ਗਰਾਊਂਡ ਬਣਾਏ ਜਾਣ। ਸਿਰਫ਼ ਟੂਰਨਾਮੈਂਟ ਕਰਵਾਉਣੇ ਕਾਫੀ ਨਹੀਂ, ਖਿਡਾਰੀਆਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜੇਕਰ ਜਵਾਨੀ ਤੰਦਰੁਸਤ ਹੋਵੇਗੀ ਤਾਂ ਹੀ ਪੰਜਾਬ ਤੰਦਰੁਸਤ ਹੋਵੇਗਾ। ਬਾਕਸ-- ਸਕੂਲਾਂ ਦਾ ਪੱਧਰ ਸਿੱਖਿਆ ਪੱਖੋਂ ਹੋਵੇ ਉੱਚਾ : ਪਨੇਸਰ ਸੇਵਾਮੁਕਤ ਅਧਿਆਪਕ ਤੇ ਸਮਾਜ-ਸੇਵਕ ਮਾ. ਕੁਲਜੀਤ ਸਿੰਘ ਪਨੇਸਰ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ। ਅਧਿਆਪਕ ਵਰਗ ਨਵੇਂ ਸਾਲ ਤੋਂ ਇਹ ਆਸ ਰੱਖਦਾ ਹੈ ਕਿ ਸਰਕਾਰੀ ਸਕੂਲਾਂ ਦਾ ਪੱਧਰ ਸਿਰਫ਼ ਇਮਾਰਤਾਂ ਪੱਖੋਂ ਹੀ ਨਹੀਂ, ਸਗੋਂ ਸਿੱਖਿਆ ਪੱਖੋਂ ਵੀ ਉੱਚਾ ਹੋਵੇ। 2026 ’ਚ ਅਜਿਹੀਆਂ ਨੀਤੀਆਂ ਬਣਨੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡੇ ਬੱਚਿਆਂ ਨੂੰ ਇੱਥੇ ਹੀ ਚੰਗੇ ਭਵਿੱਖ ਦੀ ਉਮੀਦ ਦਿਖਾਈ ਦੇਵੇ। ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਪੂਰਾ ਧਿਆਨ ਬੱਚਿਆਂ ਦੀ ਸ਼ਖਸੀਅਤ ਉਸਾਰੀ ’ਤੇ ਲਾ ਸਕਣ। ਬਾਕਸ-- ਵਪਾਰੀ ਵਰਗ ਲਈ ਟੈਕਸਾਂ ਵਿਚ ਹੋਵੇ ਰਾਹਤ: ਪੋਪਲੀ ਰੈਡੀਮੇਡ ਯੂਨੀਅਨ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਨੇ ਕਿਹਾ ਕਿ ਪਿਛਲੇ ਸਾਲ ਕਾਰੋਬਾਰ ’ਚ ਕਾਫੀ ਉਤਰਾਅ-ਚੜ੍ਹਾਅ ਆਏ। 2026 ’ਚ ਸਰਕਾਰ ਵਪਾਰੀਆਂ ਲਈ ਜੀਐੱਸਟੀ ਪ੍ਰਣਾਲੀ ਨੂੰ ਸਰਲ ਬਣਾਵੇ ਤੇ ਟੈਕਸਾਂ ’ਚ ਕੁਝ ਰਾਹਤ ਦੇਵੇ। ਸ਼ਾਹਕੋਟ ਸ਼ਹਿਰ ’ਚ ਟ੍ਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਗਾਹਕ ਬਾਜ਼ਾਰਾਂ ਤੱਕ ਆ ਸਕਣ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਸਖਤ ਕੀਤਾ ਜਾਵੇ। ਵਪਾਰੀ ਵਰਗ ਤਾਂ ਹੀ ਖੁੱਲ੍ਹ ਕੇ ਕੰਮ ਕਰ ਸਕਦਾ ਹੈ, ਜੇਕਰ ਉਹ ਸੁਰੱਖਿਅਤ ਮਹਿਸੂਸ ਕਰੇਗਾ। ਉਮੀਦ ਹੈ ਕਿ ਇਹ ਸਾਲ ਬਾਜ਼ਾਰਾਂ ’ਚ ਮੁੜ ਤੋਂ ਰੌਣਕਾਂ ਲੈ ਕੇ ਆਵੇਗਾ ਤੇ ਕਾਰੋਬਾਰ ਵਧੇਗਾ। ਬਾਕਸ-- ਕਿਸਾਨਾਂ ਨੂੰ ਫਸਲਾਂ ਦਾ ਮਿਲੇ ਸਹੀ ਮੁੱਲ : ਬਾਜਵਾ ਕਿਸਾਨ ਆਗੂ ਮੇਜਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਲਈ ਹਰ ਨਵਾਂ ਦਿਨ ਇੱਕ ਸੰਘਰਸ਼ ਹੈ। 2026 ਤੋਂ ਉਮੀਦ ਹੈ ਕਿ ਸਰਕਾਰ ਸਿਰਫ਼ ਐਲਾਨਾਂ ਤੱਕ ਸੀਮਤ ਨਾ ਰਹੇ ਸਗੋਂ ਜ਼ਮੀਨੀ ਪੱਧਰ ’ਤੇ ਕਿਸਾਨਾਂ ਦੀ ਬਾਂਹ ਫੜੇ। ਖਾਦਾਂ ਤੇ ਦਵਾਈਆਂ ਦੀ ਕਾਲਾਬਾਜ਼ਾਰੀ ਰੁਕਣੀ ਚਾਹੀਦੀ ਹੈ। ਸਰਕਾਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਕਣਕ-ਝੋਨੇ ਦੇ ਚੱਕਰ ’ਚੋਂ ਨਿਕਲ ਸਕਣ। ਅਰਦਾਸ ਹੈ ਕਿ ਇਸ ਸਾਲ ਕੁਦਰਤ ਕਿਸਾਨਾਂ ’ਤੇ ਮਿਹਰਬਾਨ ਰਹੇ ਤੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲੇ ਤਾਂ ਜੋ ਉਹ ਕਰਜ਼ੇ ਦੇ ਬੋਝ ਹੇਠੋਂ ਨਿਕਲ ਸਕੇ। ਬਾਕਸ-- ਸਿੱਖਿਆ ਪ੍ਰਣਾਲੀ ਚ ਸੁਧਾਰ ਕਰ ਕੇ ਬਣਾਇਆ ਜਾਵੇ ਰੁਜ਼ਗਾਰ ਮੁਖੀ : ਕੋਮਲਪ੍ਰੀਤ ਸਿੰਘ ਕਾਲਜ ਵਿਦਿਆਰਥੀ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2026 ’ਚ ਵਿਦਿਆਰਥੀ ਵਰਗ ਨੂੰ ਬਹੁਤ ਉਮੀਦਾਂ ਹਨ। ਸਿਰਫ਼ ਡਿਗਰੀਆਂ ਵੰਡਣ ਨਾਲ ਕੁਝ ਨਹੀਂ ਹੋਵੇਗਾ, ਸਰਕਾਰ ਨੂੰ ਸਿੱਖਿਆ ਪ੍ਰਣਾਲੀ ’ਚ ਸੁਧਾਰ ਕਰ ਕੇ ਇਸ ਨੂੰ ਰੁਜ਼ਗਾਰ ਮੁਖੀ ਬਣਾਉਣਾ ਚਾਹੀਦਾ ਹੈ ਤਾਂ ਜੋ ਪੜ੍ਹਾਈ ਪੂਰੀ ਕਰਦੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਬੱਸਾਂ ਦੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਘਰ ਤੋਂ ਕਾਲਜ ਤਕ ਦਾ ਸਫਰ ਸੁਖਾਲਾ ਹੋ ਸਕੇ, ਜੇਕਰ ਸਰਕਾਰ ਨੌਜਵਾਨਾਂ ਨੂੰ ਇੱਥੇ ਹੀ ਵਧੀਆ ਭਵਿੱਖ ਦੇਵੇਗੀ ਤਾਂ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਆਪਣੇ-ਆਪ ਘੱਟ ਜਾਵੇਗਾ।