- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ’ਚ ਸਥਿਤੀ ਬਣੀ

ਪਿੰਡ ’ਚ ਸਥਿਤੀ ਬਣੀ ਤਣਾਅਪੂਰਨ, ਪੁਲਿਸ ਨੂੰ ਦੇਣਾ ਪਿਆ ਦਖ਼ਲ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾਂ ’ਚ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਡਟ ਕੇ ਵਿਰੋਧ ਕਰਨ ਦੌਰਾਨ ਸ਼ੁੱਕਰਵਾਰ ਨੂੰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਨਾਲ ਸਥਿਤੀ ਤਣਾਅਪੂਰਨ ਬਣ ਗਈ। ਇਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ। ਪਿੰਡ ਦੇ ਸਰਪੰਚ ਵੱਲੋਂ ਸ਼ਨਿਚਰਵਾਰ ਦੋ ਜੇਸੀਬੀ ਮਸ਼ੀਨਾਂ ਮੰਗਵਾਂ ਕੇ ਪੁਟਾਈ ਕਰਵਾਈ ਜਾ ਰਹੀ ਸੀ ਤਾਂ ਲੋਕਾਂ ਵੱਲੋਂ ਜੇਸੀਬੀ ਦੇ ਅੱਗੇ ਖੜ੍ਹ ਕੇ ਕੀਤੇ ਜਾ ਰਹੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ।
ਪਿੰਡ ਦੀ ਪੰਚਾਇਤ ਵੱਲੋਂ ਥਾਣਾ ਮੁਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਪਿੰਡ ਦੇ ਕੁਝ ਸ਼ਰਾਰਤੀ ਅਨਸਰ ਵਿਕਾਸ ਕਾਰਜਾਂ ’ਚ ਰੁਕਾਵਟਾਂ ਪਾਉਣ ਦੇ ਨਾਲ ਪੰਚਾਇਤ ਮੈਂਬਰਾਂ ਤੇ ਕੰਮ ਕਰ ਰਹੇ ਮੁਲਾਜ਼ਮਾਂ, ਮਜ਼ਦੂਰਾਂ ਨੂੰ ਮਾਰਕੁਟਾਈ ਕਰਨ ਤੇ ਗੋਲੀਆ ਮਾਰਨ ਅਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਪਿੰਡ ਦੇ ਸਰਪੰਚ ਪਤੀ ਗਿਆਨ ਚੰਦ ਨੇ ਦੱਸਿਆ ਕਿ 3 ਜੂਨ ਨੂੰ ਗ੍ਰਾਮ ਪੰਚਾਇਤ ਵੱਲੋਂ ਪਾਸ ਕੀਤੇ ਹੋਏ ਮਤੇ ਸਬੰਧੀ ਜਦੋਂ ਬਾਬਾ ਮਾਘੂ ਸ਼ਾਹ ਜੀ ਦੀ ਦਰਗਾਹ ਕੋਲੋਂ ਗੰਦੇ ਪਾਣੀ ਦੇ ਨਿਕਾਸ ਲਈ ਪੁਟਾਈ ਕੀਤੀ ਤਾਂ ਪਿੰਡ ਦੇ ਕੁਝ ਲੋਕਾਂ ਵੱਲੋਂ ਵਿਕਾਸ ਕਾਰਜਾਂ ਦਾ ਵਿਰੋਧ ਕਰ ਕੇ ਸੀਵਰੇਜ ਦੇ ਕੰਮ ਨੂੰ ਰੋਕਿਆ ਗਿਆ। ਅਪਸ਼ਬਦ ਵੀ ਬੋਲੇ ਤੇ ਪੰਚਾਇਤ ਮੈਂਬਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਜਾਣੂ ਕਰਵਾਇਆ ਗਿਆ ਹੈ ਕਿ ਪੰਚਾਇਤ ਨੂੰ ਧਮਕੀ ਦੇ ਕੇ ਕੰਮ ਰੋਕਿ। ਜੇ ਕੰਮ ਬੰਦ ਨਾ ਕੀਤਾ ਗਿਆ ਤਾਂ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਸ਼ਿਕਾਇਤ ਵਿੱਚ ਲਿਖਿਆ ਹੈ ਕਿ ਪੰਚਾਇਤੀ ਜ਼ਮੀਨ ’ਤੇ ਕੁਝ ਲੋਕਾਂ ਨੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਕਰ ਕੇ ਸਰਕਾਰੀ ਕੰਮ ’ਚ ਰੁਕਾਵਟਾਂ ਪਾਈਆਂ ਜਾ ਰਹੀਆਂ ਤਾਂ ਕਿ ਕਬਜ਼ਾ ਬਰਕਰਾਰ ਰਹੇ। ਪਿੰਡ ਰਸੂਖਦਾਰ ਲੋਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਕਾਸ ਕਾਰਜਾਂ ਵਾਲੀ ਜਗ੍ਹਾ ’ਤੇ ਪੁੱਜ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਬੰਦ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਗੰਦਾ ਪਾਣੀ ਉਨ੍ਹਾਂ ਵੱਲ ਨਹੀਂ ਆਉਣ ਬਾਰੇ ਕਹਿ ਰਹੇ ਹਨ। ਸਰਪੰਚ ਨੇ ਦੱਸਿਆ ਕਿ ਇਸ ਨਾਲ ਜਾਤੀਵਾਦੀ ਸੋਚ ਉਜਾਗਰ ਹੁੰਦੀ ਹੈ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਨੂੰ ਰੋਕਣ ਵਾਲਿਆਂ ਦਾ ਸਾਥ ਦਿੱਤਾ। ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਰਕਾਰੀ ਵਿਕਾਸ ਕਾਰਜਾਂ ਨੂੰ ਰੋਕ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਨਾਲ ਹੀ ਪਿੰਡ ਦੀ ਪੰਚਾਇਤ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਪਿੰਡ ਦਾ ਨੰਬਰਦਾਰ ਵੀ ਪੰਚਾਇਤੀ ਕਾਰਜਾਂ ਵਿੱਚ ਵਾਰ-ਵਾਰ ਵਿਘਨ ਪਾਉਂਦਾ ਹੈ। ਉਹ ਵਿਕਾਸ ਕਾਰਜਾਂ ਨੂੰ ਰੋਕਣ ਲਈ ਪੰਚਾਇਤੀ ਦਫਤਰ ਜਾ ਕੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਵੀ ਧਮਕਾਉਂਦਾ ਹੈ। ਐੱਸਸੀ/ਐੱਸਟੀ ਕਮਿਊਨਿਟੀ ਦੀ ਧਾਰਮਿਕ ਸਥਾਨਾਂ ਪ੍ਰਤੀ ਵੀ ਗਲਤ ਸ਼ਬਦਾਵਲੀ ਵਰਤਦੇ ਹਨ ਤੇ ਗੁਰੂਘਰ ਨੂੰ ਢਾਉਣ ਦੀਆਂ ਧਮਕੀਆ ਦਿੰਦੇ ਹਨ। ਜੁਗਲ ਕਿਸ਼ੋਰ ’ਤੇ ਪਹਿਲਾਂ ਵੀ ਐੱਸਸੀ/ਐੱਸਟੀ ਐਕਟ ਦਾ ਕੇਸ ਹੋ ਚੁੱਕਾ ਹੈ।
ਦੂਜੀ ਧਿਰ ਦੇ ਆਗੂ ਬਿੱਟੂ ਬਗਿਆੜ ਤੇ ਜਸਕਰਨ ਸਿੰਘ ਜੱਸਾ ਨੇ ਦੱਸਿਆ ਕਿ ਉਨ੍ਹਾਂ ਵਾਲੇ ਪਾਸੇ ਬਣਿਆ ਹੈ ਛੱਪੜ ਛੋਟਾ ਹੈ ਤੇ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਬੇਨਤੀ ਕੀਤੀ ਗਈ ਕਿ ਗੰਦੇ ਪਾਣੀ ਦੀ ਨਿਕਾਸੀ ਸ਼ਹਿਰੀ ਸੀਵਰੇਜ ’ਚ ਕਰ ਦਿੱਤੀ ਜਾਵੇ, ਜਿਸ ਲਈ ਉਹ ਫੰਡ ਵੀ ਮੁਹੱਈਆ ਕਰਵਾ ਦੇਣਗੇ। ਉਨ੍ਹਾਂ ਵੱਲੋਂ 10 ਲੱਖ ਰੁਪਏ ਦਾ ਫੰਡ ਇਕੱਤਰ ਕਰਕੇ ਪੰਚਾਇਤ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਚਾਇਤ ਵੱਲੋਂ ਜ਼ਿੱਦ ਪੁਗਾਉਣ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜੇ ਉਨ੍ਹਾਂ ਵਾਲੇ ਪਾਸੇ ਵਾਲੇ ਛੱਪੜ ’ਚ ਹੋਰ ਪਾਣੀ ਪਵੇਗਾ ਤਾਂ ਬਰਸਾਤਾਂ ਦੇ ਦਿਨਾਂ ’ਚ ਪਾਣੀ ਓਵਰਫਲੋ ਹੋ ਕੇ ਘਰਾਂ ’ਚ ਵੜ ਜਾਵੇਗਾ।
ਇਸ ਸਬੰਧੀ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਰਾਣਾ ਰੰਧਾਵਾ ਦਾ ਕਹਿਣਾ ਹੈ ਕਿ ਪਿੰਡ ’ਚ ਕਿਸੇ ਤਰ੍ਹਾਂ ਜਾਤੀ ਵਿਰੋਧ ਨਹੀਂ ਹੈ। ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਨਾਲ ਸਲਾਹ ਕਰਨ ਦੀ ਬਜਾਏ ਆਪੇ ਮਤਾ ਪਾਸ ਕਰਕੇ ਛੋਟੇ ਛੱਪੜ ਵਿੱਚ ਪਾਣੀ ਪਾਉਣ ਲਈ ਕਾਰਜ ਸ਼ੁਰੂ ਕਰਵਾ ਦਿੱਤਾ ਸੀ। ਇਸ ਦਾ ਵਿਰੋਧ ਹੋ ਰਿਹਾ ਹੈ।